21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਗੋਲਡਨ ਗੇਟ ਜਾਮ, ਪੁਲਿਸ ਨੇ ਕਈ ਕਾਰਕੁਨ ਕੀਤੇ ਗ੍ਰਿਫ਼ਤਾਰ

ਸੁਲਤਾਨਵਿੰਡ, 21 ਅਗਸਤ (ਗੁਰਨਾਮ ਸਿੰਘ ਬੁੱਟਰ)-ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ 21 ਅਗਸਤ ਨੂੰ ਪੰਜਾਬ ਬੰਦ ਦੀ ਦਿੱਤੀ ਗਈ ਕਾਲ ਦੇ ਚਲਦਿਆਂ ਨਿਊ ਅੰਮ੍ਰਿਤਸਰ ਗੋਲਡਨ ਗੇਟ ਵਿਖੇ ...

ਅਜੀਤ ਡੈਸਕ 21-08-2026

ਸੁਲਤਾਨਵਿੰਡ, 21 ਅਗਸਤ (ਗੁਰਨਾਮ ਸਿੰਘ ਬੁੱਟਰ)-ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ 21 ਅਗਸਤ ਨੂੰ ਪੰਜਾਬ ਬੰਦ ਦੀ ਦਿੱਤੀ ਗਈ ਕਾਲ ਦੇ ਚਲਦਿਆਂ ਨਿਊ ਅੰਮ੍ਰਿਤਸਰ ਗੋਲਡਨ ਗੇਟ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਸਿੱਖ ਜਥੇਬੰਦੀਆਂ ਨਾਲ ਸਬੰਧਤ ਕਾਰਕੁਨਾਂ ਵੱਲੋਂ ਜੀ.ਟੀ. ਰੋਡ ’ਤੇ ਧਰਨਾ ਲਗਾ ਕੇ ਆਵਾਜਾਈ ਰੋਕ ਦਿੱਤੀ ਗਈ, ਜਿਸ ਕਾਰਨ ਸੜਕ ਦੇ ਦੋਵੇਂ ਪਾਸਿਆਂ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਅਤੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ   ਕਰਨਾ ਪਿਆ। ਰੋਸ ਪ੍ਰਦਰਸ਼ਨ ਵਿੱਚ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਨਾਲ ਸਬੰਧਤ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਭੁਪਿੰਦਰ ਸਿੰਘ ਛੇ ਜੂਨ, ਗਗਨਦੀਪ ਸਿੰਘ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸ਼ਮਸ਼ੇਰ ਸਿੰਘ ਬਰਾੜ, ਹਰਮਨਦੀਪ ਸਿੰਘ ਸੁਲਤਾਨਵਿੰਡ, ਰਵੀ ਸ਼ੇਰ ਸਿੰਘ ਅਤੇ ਅਜੈਬ ਸਿੰਘ ਸਮੇਤ ਹੋਰ ਕਾਰਕੁਨ ਸ਼ਾਮਲ ਹੋਏ। ਪ੍ਰਦਰਸ਼ਨਕਾਰੀਆਂ ਨੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਸਰਕਾਰ ਤੋਂ ਲੰਬੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਲਈ ਠੋਸ ਕਦਮ ਚੁੱਕਣ ਦੀ ਮੰਗ ਕੀਤੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਵੱਲੋਂ  ਆਵਾਜਾਈ ਪੂਰੀ ਤਰ੍ਹਾਂ ਰੋਕ ਦਿੱਤੀ ਗਈ। ਸੜਕ ’ਤੇ ਆਵਾਜਾਈ ਬੰਦ ਹੋਣ ਕਾਰਨ ਆਸ-ਪਾਸ ਦੇ ਇਲਾਕਿਆਂ ਤੋਂ ਆਉਣ-ਜਾਣ ਵਾਲੇ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਈ ਵਾਹਨ ਚਾਲਕਾਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਬਦਲੇ ਰਸਤਿਆਂ ਦਾ ਸਹਾਰਾ ਲੈਣਾ ਪਿਆ। ਇਸ ਕਾਰਨ ਇਲਾਕੇ ਵਿੱਚ ਕੁਝ ਸਮੇਂ ਲਈ ਆਵਾਜਾਈ ਦਾ ਮਾਹੌਲ ਪ੍ਰਭਾਵਿਤ ਰਿਹਾ।
ਪ੍ਰਦਰਸ਼ਨਕਾਰੀਆਂ ਵੱਲੋਂ ਆਪਣੀਆਂ ਮੰਗਾਂ ਦੇ ਹੱਕ ਵਿੱਚ ਨਾਅਰੇਬਾਜ਼ੀ ਕਰਦਿਆਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸਰਕਾਰ ਦਾ ਧਿਆਨ ਖਿੱਚਣ ਦੀ ਕੋਸ਼ਿਸ਼ ਕੀਤੀ ਗਈ। ਆਗੂਆਂ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਲੰਬੇ ਸਮੇਂ ਤੋਂ ਸਿੱਖ ਸੰਗਤ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਇਸ ਸਬੰਧੀ ਸਰਕਾਰ ਨੂੰ ਗੰਭੀਰਤਾ ਨਾਲ ਫ਼ੈਸਲਾ ਲੈਣਾ ਚਾਹੀਦਾ ਹੈ।
ਧਰਨੇ ਦੀ ਸੂਚਨਾ ਮਿਲਣ ’ਤੇ ਪੁਲਿਸ ਪ੍ਰਸ਼ਾਸਨ ਵੱਲੋਂ ਮੌਕੇ ’ਤੇ ਪੁਲਿਸ ਬਲ ਤਾਇਨਾਤ ਕੀਤਾ ਗਿਆ। ਪੁਲਿਸ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਸੜਕ ਤੋਂ ਹਟਾ ਕੇ ਆਵਾਜਾਈ ਬਹਾਲ ਕਰਨ ਦੀ ਅਪੀਲ ਕੀਤੀ। ਇਸ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਧਰਨੇ ਵਿੱਚ ਸ਼ਾਮਲ ਕਈ ਕਾਰਕੁਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਪੁਲਿਸ ਕਾਰਵਾਈ ਤੋਂ ਬਾਅਦ ਜੀ.ਟੀ. ਰੋਡ ’ਤੇ ਆਵਾਜਾਈ ਨੂੰ ਮੁੜ ਸੁਚਾਰੂ ਕਰਵਾਇਆ ਗਿਆ।
ਪੁਲਿਸ ਪ੍ਰਸ਼ਾਸਨ ਵੱਲੋਂ ਇਲਾਕੇ ਵਿੱਚ ਸਥਿਤੀ ’ਤੇ ਨਜ਼ਰ ਰੱਖੀ ਗਈ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਸੁਰੱਖਿਆ ਪ੍ਰਬੰਧ ਕੀਤੇ ਗਏ। ਪ੍ਰਦਰਸ਼ਨ ਦੌਰਾਨ ਇਲਾਕੇ ਵਿੱਚ ਪੁਲਿਸ ਦੀ ਮੌਜੂਦਗੀ ਵਧਾ ਦਿੱਤੀ ਗਈ ਸੀ। ਪੁਲਿਸ ਪ੍ਰਸ਼ਾਸਨ ਵੱਲੋ ਭਾਈ ਰਣਜੀਤ ਸਿੰਘ, ਭਾਈ ਭੁਪਿੰਦਰ ਸਿੰਘ ਛੇ ਜੂਨ ਅਤੇ ਹੋਰ ਪ੍ਰਦਰਸ਼ਨ ਕਰ ਰਹੇ ਸਿੰਘਾ ਨੂੰ ਗ੍ਰਿਫਤਾਰ ਕਰਕੇ ਕਿਸੇ ਗੁਪਤ ਜਗਾ ਤੇ ਲੈ ਕੇ ਰਵਾਨਾ ਹੋਈ। ਕੈਪਸ਼ਨ ਗੋਲਡਨ ਗੇਟ ਵਿਖੇ ਬੰਦੀ ਸਿੰਘਾ ਨੂੰ ਰਿਹਾਅ ਕਰਵਾਉਣ ਲਈ ਪ੍ਰਦਰਸ਼ਨ ਕਰ ਰਹੇ ਸਿੰਘਾ ਨੂੰ ਗ੍ਰਿਫਤਾਰ ਕਰਕੇ ਲਿਜਾਂਦੀ ਹੋਈ ਪੁਲਿਸ। 

ਪਿਛਲੀ ਖ਼ਬਰ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਬੰਦ ਦੇ ਸੱਦੇ ਨੂੰ ਜ਼ੀਰਕਪੁਰ 'ਚ ਭਰਵਾਂ ਹੁੰਗਾਰਾ ਅਗਲੀ ਖ਼ਬਰ ਪੰਜਾਬ ਬੰਦ ਦੇ ਸੱਦੇ 'ਤੇ ਹੰਡਿਆਇਆ ਦੇ ਬਾਜ਼ਾਰ ਰਹੇ ਬੰਦ, ਆਵਾਜਾਈ 'ਤੇ ਵੀ ਪਿਆ ਅਸਰ