21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਲਹਿਰਾ ਥਰਮਲ ਦੇ 1800 ਕਰੀਬ ਆਊਟ ਸੋਰਸਡ ਠੇਕਾ ਮੁਲਾਜ਼ਮਾਂ ਵਲੋਂ 23 ਅਗਸਤ ਮਗਰੋਂ ਤਿੱਖੇ ਸਘੰਰਸ਼ ਦਾ ਐਲਾਨ

ਲਹਿਰਾ ਮੁਹੱਬਤ (ਬਠਿੰਡਾ), 21 ਅਗਸਤ (ਸੁਖਪਾਲ ਸਿੰਘ ਸੁੱਖੀ)- ਲਹਿਰਾ ਮੁਹੱਬਤ ਥਰਮਲ ’ਚ ਕੰਮ ਕਰਦੇ 1800 ਦੇ ਕਰੀਬ...

ਅਜੀਤ ਡੈਸਕ 21-08-2026

ਲਹਿਰਾ ਮੁਹੱਬਤ (ਬਠਿੰਡਾ), 21 ਅਗਸਤ (ਸੁਖਪਾਲ ਸਿੰਘ ਸੁੱਖੀ)- ਲਹਿਰਾ ਮੁਹੱਬਤ ਥਰਮਲ ’ਚ ਕੰਮ ਕਰਦੇ 1800 ਦੇ ਕਰੀਬ ਆਊਟ ਸੋਰਸਡ ਠੇਕਾ ਮੁਲਾਜ਼ਮਾਂ ਨੇ ਪਾਵਰਕਾਮ ’ਚ ਮਰਜ ਕਰਨ ਦੇ ਪੰਜਾਬ ਸਰਕਾਰ ਵਲੋਂ ਰੋਕੇ ਨਿਯੁਕਤੀ ਪੱਤਰ ਜਾਰੀ ਨਾ ਕਰਨ ਦੇ ਰੋਸ ਵਜੋਂ 23 ਦਿਨਾਂ ਤੋਂ ਹੜਤਾਲ ਮਗਰੋਂ ਅੱਜ 23 ਅਗਸਤ ਤੋਂ ਬਾਅਦ ਤਿੱਖੇ ਸੰਘਰਸ਼ ਦਾ ਐਲਾਨ ਕੀਤਾ। ਇਸ ਸਬੰਧੀਂ ਜੀ.ਐਚ.ਟੀ.ਪੀ ਕੰਟਰੈਕਟਰ ਵਰਕਰ ਯੂਨੀਅਨ ਏਟਕ ਦੇ ਵਫ਼ਦ ਨੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਤੇ ਐਸ.ਐਸ.ਪੀ ਦਫ਼ਤਰ ਆਪਣਾ ਪੱਤਰ ਦੇ ਦਿੱਤਾ ਹੈ।

ਇਸ ਸਬੰਧੀਂ ਜੱਥੇਬੰਦੀ ਆਗੂ ਸੁਖਵਿੰਦਰ ਸਿੰਘ ਬਾਠ, ਬਲਵਿੰਦਰ ਸਿੰਘ ਬੱਲੀ ਨੇ ਕਿਹਾ ਕਿ ਸਰਕਾਰੀ ਮਸ਼ੀਨਰੀ ਦਾ 23 ਦਿਨਾਂ ਵਿਚ ਲੋਕਲ ਮੈਨਜ਼ਮੈਂਟ ਨੇ ਬਿਨ੍ਹਾਂ ਮੈਨਪਾਵਰ ਤੋਂ ਧੱਕੇ ਨਾਲ ਚਲਾ ਕੇ ਕਰੋੜਾਂ ਦਾ ਨੁਕਸਾਨ ਕਰ ਦਿੱਤਾ ਹੈ ਤੇ ਹੁਣ ਵੀ ਜਾਰੀ ਹੈ। ਥਰਮਲ ਦੀਆਂ ਮੇਨ ਪਲਾਂਟ ਤੇ ਕੋਲਾ ਸਪਲਾਈ ਸਾਈਟਾਂ ਨੂੰ ਅੱਗਾਂ ਲੱਗ ਰਹੀਆਂ ਹਨ ਤੇ ਕਈ ਥਾਈਂ ਅਜਿਹਾ ਨੁਕਸਾਨ ਹੋਇਆ ਤੇ ਹੋ ਰਿਹਾ ਹੈ। ਜਿਸ ਨੂੰ ਠੀਕ ਕਰਕੇ ਮੁੜ ਚਲਾਉਣ ਲਈ ਘੱਟੋ ਘੱਟ 2 ਹਫ਼ਤੇ ਦਾ ਸਮਾਂ ਲੱਗ ਸਕਦਾ ਹੈ। ਕਰੋੜਾਂ ਦਾ ਖ਼ਰਚਾ ਆਵੇਗਾ। ਕੋਲ ਸਪਲਾਈ ਦੇ ਰੈਕ ਖਾਲੀ ਨਹੀਂ ਹੋ ਰਹੇ ਤੇ ਜਿਸ ਦਾ ਡੈਮਰੇਜ਼ ਪਾਵਰਕਾਮ ਰੇਲਵੇ ਨੂੰ ਲੱਖਾਂ ਰੁਪਏ ਦੇ ਰਿਹਾ ਹੈ।

ਲਹਿਰਾ ਥਰਮਲ ਦਾ ਬਿਜਲੀ ਉਤਪਾਦਨ ਇਸ ਸਮੇਂ ਠੇਕਾ ਮੁਲਾਜ਼ਮਾਂ ਦੇ ਬਾਹਰ ਬੈੈਠਣ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਸਰਕਾਰ ਪੰਜਾਬ ਵਿਚ ਬਿਜਲੀ ਦੀ ਮੌਜੂਦਾ ਮੰਗ  15141.93 ਮੈਗਾਵਾਟ ਨੂੰ ਪੂਰਾ ਕਰਨ ਲਈ ਬਾਹਰੋਂ ਕੇਂਦਰੀ ਪੂਲ ਚੋਂ ਮਹਿੰਗੇ ਭਾਅ ਕਰੀਬ 12 ਤੋਂ 13 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ 10504 ਮੈਗਾਵਾਟ ਦੇ ਕਰੀਬ ਖ਼ਰੀਦ ਕਰਕੇ ਸਮਾਂ ਲੰਘਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਇਹ ਪੰਜਾਬ ਸਰਕਾਰ ਦਾ ਫੇਲੀਅਰ ਹੈ। ਦੂਜੇ ਪਾਸੇ ਵਿਧਾਨ ਸਭਾ ਸ਼ੈਸ਼ਨ ਰਾਹੀਂ ਆਊਟ ਸੋਰਸਡ ਠੇਕਾ ਮੁਲਾਜ਼ਮਾਂ ਦੇ ਮਸਲੇ ਹੱਲ ਕਰਨ ਦਾ ਢਮਡੋਰਾ ਪਿੱਟਿਆ ਜਾ ਰਿਹਾ ਹੈ। ਪਰ ਆਊਟ ਸੋਰਸਡ ਠੇਕਾ ਮੁਲਾਜ਼ਮ 23 ਦਿਨਾਂ ਤੋਂ ਕੰਮ ਬੰਦ ਕਰਕੇ ਸੜਕਾਂ ਤੇ ਬੈਠ ਕੇ ਸਰਕਾਰ ਦੇ ਸੁਨੇਹੇ ਦੀ ਉਡੀਕ ਕਰ ਰਹੇ ਹਨ। ਕਿਉਂਕਿ ਸਰਕਾਰ ਨੇ ਪਿਛਲੀਂ ਮੀਟਿੰਗ ਵਿਚ ਕਿਹਾ ਸੀ ਕਿ 23 ਅਗਸਤ ਤੱਕ ਉਨ੍ਹਾਂ ਨੂੰ ਵਿਭਾਗ ਵਿਚ ਮਰਜ ਕਰ ਲਿਆ ਜਾਵੇਗਾ। ਪਰ ਮਸਲਾ ਜਿਉਂ ਦਾ ਤਿਉਂ ਹੈ। ਜੇ ਜਲਦ ਹੱਲ ਨਾ ਕੀਤਾ ਤਾਂ ਠੇਕਾ ਮੁਲਾਜ਼ਮਾਂ ਦਾ ਮਸਲਾ ਆਪ ਸਰਕਾਰ ਲਈ ਭਵਿੱਖ ਵਿਚ ਗਲੇ ਦੀ ਹੱਡੀ ਬਣੇਗਾ।

ਆਗੂਆਂ ਨੇ ਲੋਕ ਹਿੱਤਾਂ ਦੀ ਰਾਖੀ ਕਰ ਰਹੀਆਂ ਭਰਾਤਰੀ ਜੱਥੇਬੰਦੀਆ ਦੀ ਹਮਾਇਤ ਦੀ ਮੰਗ ਕਰਦਿਆਂ ਠੇਕਾ ਮੁਲਾਜ਼ਮਾਂ ਦੀ 20-22 ਸਾਲਾਂ ਤੋਂ ਲਾਰਿਆਂ ਦੇ ਰੂਪ ਵਿਚ ਹੁੰਦੀ ਠੇਕਾ ਪ੍ਰਣਾਲੀ ਰਾਹੀਂ ਲੁੱਟ ਨੂੰ ਬੰਦ ਕਰਾਉਣ ਲਈ 23 ਅਗਸਤ ਮਗਰੋਂ ਤਿੱਖੇ ਸੰਘਰਸ਼ ਵਿਚ ਡੱਟਵੀਂ ਸ਼ਮੂਲੀਅਤ ਦੀ ਅਪੀਲ ਕੀਤੀ।

ਪਿਛਲੀ ਖ਼ਬਰ 31 ਅਗਸਤ ਨੂੰ ਹੋਵੇਗੀ 77 ਮੋਟਰਸਾਈਕਲਾਂ ਤੇ 82 ਵਾਹਨਾਂ ਦੀ ਨਿਲਾਮੀ ਅਗਲੀ ਖ਼ਬਰ ਐਂਟੀ ਨਾਰਕੋਟਿਕਸ ਟਾਸਕ ਫੋਰਸ ਵਲੋਂ ਪਾਕਿਸਤਾਨ ਤੋਂ ਆਈ 11 ਕਿਲੋ ਹੈਰੋਇਨ ਫੜੀ