25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਪੁਲਿਸ ਨੇ ਲਾਪਤਾ ਵਿਦਿਆਰਥੀ ਰਾਜਸਥਾਨ ਤੋਂ ਕੀਤੇ ਬਰਾਮਦ, ਫ੍ਰੀ ਫਾਇਰ ਗੇਮ ਖੇਡਣ ਤੋਂ ਰੋਕਣ ’ਤੇ ਗਏ ਸਨ ਘਰੋਂ ਬਾਹਰ

ਮਾਛੀਵਾੜਾ ਸਾਹਿਬ (ਲੁਧਿਆਣਾ), 25 ਅਗਸਤ (ਰਾਜਦੀਪ ਸਿੰਘ ਅਲਬੇਲਾ)- ਖੰਨਾ ਪੁਲਿਸ ਨੇ ਰਾਜਸਥਾਨ ਪੁਲਿਸ ਦੀ ਮੱਦਦ ਨਾਲ ਸ਼ਹਿਰ ਤੋਂ...

ਅਜੀਤ ਡੈਸਕ 25-08-2026

ਮਾਛੀਵਾੜਾ ਸਾਹਿਬ (ਲੁਧਿਆਣਾ), 25 ਅਗਸਤ (ਰਾਜਦੀਪ ਸਿੰਘ ਅਲਬੇਲਾ)- ਖੰਨਾ ਪੁਲਿਸ ਨੇ ਰਾਜਸਥਾਨ ਪੁਲਿਸ ਦੀ ਮੱਦਦ ਨਾਲ ਸ਼ਹਿਰ ਤੋਂ ਲਾਪਤਾ ਹੋਏ 2 ਨੌਜਵਾਨ ਵਿਦਿਆਰਥੀ ਅਤੇ ਇਕ ਲੁਧਿਆਣਾ ਤੋਂ ਉਨ੍ਹਾਂ ਦੇ ਦੋਸਤ ਨੂੰ ਸੁਰੱਖਿਅਤ ਬਰਾਮਦ ਕਰ ਲਿਆ ਹੈ। ਨੌਜਵਾਨਾਂ ਦੀ ਪਹਿਚਾਣ ਵਿਦਿਆਰਥੀ ਉਤਕਰਸ਼ ਤੇ ਵਰੁਣ ਕੁਮਾਰ ਵਾਸੀਆਨ ਮਾਛੀਵਾੜਾ ਸਾਹਿਬ ਅਤੇ ਮੋਹਿਤ ਵਾਸੀ ਗਿੱਲ ਰੋਡ ਲੁਧਿਆਣਾ ਵਜੋਂ ਹੋਈ ਹੈ। ਖੰਨਾ ਦੇ ਐੱਸ.ਪੀ. (ਡੀ) ਪਵਨਜੀਤ ਨੇ ਦੱਸਿਆ ਕਿ 20 ਅਗਸਤ ਨੂੰ ਵਰੁਣ ਆਪਣੇ ਘਰੋਂ ਕਾਰ ਲੈ ਕੇ ਆਪਣੇ ਦੋਸਤ ਉਤਕਰਸ਼ ਅਤੇ ਮੋਹਿਤ ਕੁਮਾਰ ਨਾਲ ਖਾਟੂ ਸ਼ਿਆਮ, ਰਾਜਸਥਾਨ ਲਈ ਚਲਾ ਗਿਆ ਸੀ।

ਤਿੰਨਾਂ ਨੇ ਆਪਣੇ ਮੋਬਾਈਲ ਫੋਨ ਬੰਦ ਕਰ ਦਿੱਤੇ, ਜਿਸ ਕਾਰਨ ਪਰਿਵਾਰਕ ਮੈਂਬਰ ਕਾਫੀ ਚਿੰਤਾ ’ਚ ਪੈ ਗਏ। ਪੁਲਿਸ ਨੂੰ ਸ਼ਿਕਾਇਤ ਮਿਲਣ ਤੋਂ ਬਾਅਦ ਤਕਨੀਕੀ ਟੀਮ ਨੇ ਜਾਂਚ ਸ਼ੁਰੂ ਕੀਤੀ। ਪੁਲਿਸ ਨੇ ਈਮੇਲ ਆਈ.ਡੀਜ਼ ਨਾਲ ਜੁੜੇ ਤਕਨੀਕੀ ਸੁਰਾਗਾਂ ਦੀ ਮੱਦਦ ਨਾਲ ਨੌਜਵਾਨਾਂ ਦੀ ਸਹੀ ਲੋਕੇਸ਼ਨ ਰਾਜਸਥਾਨ ’ਚ ਟਰੇਸ ਕੀਤੀ। ਇਸ ਤੋਂ ਬਾਅਦ ਖੰਨਾ ਪੁਲਿਸ ਨੇ ਰਾਜਸਥਾਨ ਪੁਲਸ ਨਾਲ ਸੰਪਰਕ ਕਰਕੇ ਲੋਕੇਸ਼ਨ ਸਾਂਝੀ ਕੀਤੀ। ਰਾਜਸਥਾਨ ਪੁਲਸ ਨੇ ਛਾਪੇਮਾਰੀ ਕਰਕੇ ਤਿੰਨਾਂ ਨੂੰ ਉਨ੍ਹਾਂ ਦੇ ਰਾਜਸਥਾਨ ਰਹਿੰਦੇ ਦੋਸਤ ਸ਼ਿਖਰ ਦੇ ਘਰੋਂ ਬਰਾਮਦ ਕਰ ਲਿਆ। ਐੱਸ.ਪੀ. (ਡੀ) ਨੇ ਦੱਸਿਆ ਕਿ ਸੀ.ਡੀ.ਆਰ. ਵਿਸ਼ਲੇਸ਼ਣ ਅਤੇ ਆਈ.ਐੱਮ.ਈ.ਆਈ. ਸਰਚ ਸਮੇਤ ਵੱਖ-ਵੱਖ ਤਕਨੀਕੀ ਤਰੀਕਿਆਂ ਰਾਹੀਂ ਪੁਲਿਸ ਨੌਜਵਾਨਾਂ ਤੱਕ ਪਹੁੰਚੀ। ਜਾਂਚ ਦੌਰਾਨ ਆਨਲਾਈਨ ਗੇਮ ਨਾਲ ਜੁੜੀ ਪ੍ਰੋਫਾਈਲ ਅਤੇ ਜੀਮੇਲ ਤੋਂ ਮਿਲੇ ਆਈ.ਐੱਮ.ਈ.ਆਈ. ਨੰਬਰ ਨੇ ਵੀ ਪੁਲਿਸ ਦੀ ਮੱਦਦ ਕੀਤੀ। ਪੁਲਿਸ ਦੀ ਮੁੱਢਲੀ ਪੁੱਛਗਿੱਛ ’ਚ ਸਾਹਮਣੇ ਆਇਆ ਕਿ ਤਿੰਨੇ ਨੌਜਵਾਨ ਆਪਣੇ ਮਾਪਿਆਂ ਵੱਲੋਂ ਫ੍ਰੀ ਫਾਇਰ ਗੇਮ ਖੇਡਣ ਤੋਂ ਰੋਕਣ ਕਾਰਨ ਘਰੋਂ ਨਿਕਲੇ ਸਨ।

ਆਨਲਾਈਨ ਗੇਮ ਨਾਲ ਜੁੜੇ ਦੋਸਤਾਂ ਨੂੰ ਮਿਲਣਾ ਚਾਹੁੰਦੇ ਸਨ

ਮਾਛੀਵਾੜਾ ਤੋਂ ਲਾਪਤਾ ਹੋਏ 2 ਨੌਜਵਾਨ ਵਿਦਿਆਰਥੀ ਉਤਕਰਸ਼ ਅਤੇ ਵਰੁਣ ਕੁਮਾਰ ਫ੍ਰੀ ਫਾਇਰ ਗੇਮ ਖੇਡਣ ਦੀ ਬਹੁਤ ਆਦਤ ਸੀ। ਜਾਣਕਾਰੀ ਅਨੁਸਾਰ ਉਹ ਜਿਆਦਾਤਰ ਸਮਾਂ ਗੇਮ ਖੇਡਣ ਵਿਚ ਹੀ ਗੁਜ਼ਾਰਦੇ ਸਨ। ਜਾਣਕਾਰੀ ਇਹ ਵੀ ਮਿਲੀ ਹੈ ਕਿ ਉਹ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਆਪਣੇ ਆਨਲਾਈਨ ਗੇਮਿੰਗ ਦੋਸਤਾਂ ਨੂੰ ਮਿਲਣਾ ਚਾਹੁੰਦੇ ਸਨ ਅਤੇ ਇਸ ਦੌਰਾਨ ਹਰਿਦੁਆਰ ਤੇ ਕੇਦਾਰਨਾਥ ਜਾਣ ਦੀ ਵੀ ਯੋਜਨਾ ਬਣਾਈ ਸੀ। ਤਿੰਨਾਂ ਦੇ ਰਾਜਸਥਾਨ ’ਚ ਟਰੇਸ ਹੋਣ ਤੋਂ ਬਾਅਦ ਖੰਨਾ ਪੁਲਸ ਦੀ ਇੱਕ ਟੀਮ ਉਨ੍ਹਾਂ ਨੂੰ ਵਾਪਸ ਲਿਆਉਣ ਲਈ ਰਾਜਸਥਾਨ ਰਵਾਨਾ ਕੀਤੀ ਗਈ ਜੋ ਅੱਜ ਸ਼ਾਮ ਸਮਰਾਲਾ ਥਾਣਾ ਵਿਖੇ ਪੁੱਜੇ। ਉਕਤ ਵਿਦਿਆਰਥੀਆਂ ਨੂੰ ਐੱਸ.ਪੀ.ਡੀ. ਪਵਨਜੀਤ ਦੀ ਅਗਵਾਈ ਹੇਠ ਮਾਪਿਆਂ ਦੇ ਸਪੁਰਦ ਕਰ ਦਿੱਤਾ ਗਿਆ।

ਅਗਲੀ ਖ਼ਬਰ 27 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਦਾ ਪੰਜਾਬ ਕਾਂਗਰਸ ਪੂਰਨ ਸਮਰਥਨ ਕਰਦੀ- ਰਾਜਾ ਵੜਿੰਗ