ਡੇਰਾ ਬਾਬਾ ਨਾਨਕ (ਗੁਰਦਾਸਪੁਰ), 29 ਅਗਸਤ (ਹੀਰਾ ਸਿੰਘ ਮਾਂਗਟ)- ਡੇਰਾ ਬਾਬਾ ਨਾਨਕ ਪੁਲਿਸ ਵਲੋਂ ਚੋਰੀ ਦੇ 4 ਮੋਟਰਸਾਈਕਲਾਂ ਤੇ ਬੱਕਰੀ ਸਮੇਤ ਤਿੰਨ ਨੌਜਵਾਨਾਂ ਨੂੰ ਕਾਬੂ ਕਰਨ ਵਿਚ ਵੱਡੀ ਸਫ਼ਲਤਾ ਹਾਸਿਲ ਕੀਤੀ ਹੈ। ਇਸ ਸਬੰਧੀ ਪੱਤਰਕਾਰਾਂ ਨੂੰ ਵਧੇਰੇ ਜਾਣਕਾਰੀ ਦਿੰਦਿਆਂ ਹੋਇਆਂ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਐਸ. ਐਚ. ਓ. ਅਸ਼ੋਕ ਕੁਮਾਰ ਨੇ ਦੱਸਿਆ ਕਿ ਮਿਤੀ 27/8/26 ਨੂੰ ਉਨ੍ਹਾਂ ਨੂੰ ਬਾਜਾ ਮਸੀਹ ਪੁੱਤਰ ਪ੍ਰਗਟ ਮਸੀਹ ਵਾਸੀ ਪਿੰਡ ਪੱਡਾ ਥਾਣਾ ਡੇਰਾ ਬਾਬਾ ਨਾਨਕ ਵਲੋਂ ਸੂਚਨਾ ਮਿਲੀ ਸੀ ਕਿ ਉਨ੍ਹਾਂ ਦੇ ਘਰ ਦੇਰ ਰਾਤ 11:30 ਵਜੇ ਦੇ ਕਰੀਬ 8,10 ਬੰਦਿਆਂ ਵਲੋਂ ਦਾਖ਼ਲ ਹੋ ਕੇ ਘਰ ਵਿਚ ਖੜਾ ਮੋਟਰਸਾਈਕਲ ਤੇ ਬੱਕਰੀ ਲੈ ਕੇ ਚੋਰ ਫ਼ਰਾਰ ਹੋ ਗਏ ਹਨ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਡੇਰਾ ਬਾਬਾ ਨਾਨਕ ਪੁਲਿਸ ਵਲੋਂ ਤਫਤੀਸ਼ੀ ਅਫ਼ਸਰ ਏ.ਐਸ.ਆਈ. ਸ਼ਰੀਫ ਮਸੀਹ ਦੀ ਡਿਊਟੀ ਲਗਾਈ ਗਈ, ਜਿਨ੍ਹਾਂ ਵਲੋਂ ਬੀਤੀ ਰਾਤ ਪਿੰਡ ਪੱਡਾ ਨਜ਼ਦੀਕ ਨਹਿਰ ਉੱਪਰ ਨਾਕਾ ਲਗਾਇਆ ਹੋਇਆ ਸੀ ਕਿ ਸਾਹਮਣੇ ਤੋਂ ਇਕ ਮੋਟਰਸਾਈਕਲ ਆਉਂਦਾ ਦਿਖਾਈ ਦਿੱਤਾ ਉਨ੍ਹਾਂ ਦੱਸਿਆ ਕਿ ਜਦ ਇਨ੍ਹਾਂ ਨੂੰ ਪੁਲਿਸ ਪੁੱਛਗਿੱਛ ਲਈ ਰੋਕਿਆ ਗਿਆ ਤਾਂ ਇਨ੍ਹਾਂ ਪਾਸੋਂ ਇਕ ਮੋਟਰਸਾਈਕਲ ਤੇ ਬੱਕਰੀ ਬਰਾਮਦ ਹੋਈ ਹੈ। ਉਨ੍ਹਾਂ ਦੱਸਿਆ ਕਿ ਜਦ ਪੁਲਿਸ ਵਲੋਂ ਇਨ੍ਹਾਂ ਤੋਂ ਸਖ਼ਤੀ ਨਾਲ ਹੋਰ ਪੁੱਛਗਿਛ ਕੀਤੀ ਗਈ ਤਾਂ ਚੋਰੀ ਦੇ ਤਿੰਨ ਹੋਰ ਮੋਟਰਸਾਈਕਲ ਵੀ ਬਰਾਮਦ ਹੋਏ ਹਨ।
ਫੜੇ ਗਏ ਦੋਸ਼ੀਆਂ ਦੀ ਪਹਿਚਾਣ ਸੁਨੀਲ ਕੁਮਾਰ ਪੁੱਤਰ ਸਾਹਿਬ ਮਸੀਹ ਵਾਸੀ ਪਿੰਡ ਮਹਾਲ ਨੰਗਲ, ਮੰਗਤਾ ਮਸੀਹ ਉਰਫ ਜਸਨ ਪੁੱਤਰ ਨੇਕੀ ਮਸੀਹ ਵਾਸੀ ਖੋਦੇ ਬੇਟ, ਜਸ਼ਨ ਮਸੀਹ ਉਰਫ ਮੋਟਾ ਪੁੱਤਰ ਹਰਭਾਲ ਮਸੀਹ ਵਾਸੀ ਮਹਾਲ ਨੰਗਲ ਵਜੋਂ ਹੋਈ ਹੈ। ਪੁਲਿਸ ਵਲੋਂ ਤਿੰਨਾਂ ਨੌਜਵਾਨਾਂ ਨੂੰ ਕਾਬੂ ਕਰਕੇ ਇਨ੍ਹਾਂ ਦੇ ਖਿਲਾਫ਼ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਵਿਖੇ ਮੁਕੱਦਮਾ ਨੰਬਰ 83 ਧਾਰਾ 305, 191,192 ਤਹਿਤ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ ਤੇ ਹੋਰ ਪੁੱਛਗਿੱਛ ਵਾਸਤੇ ਰਿਮਾਂਡ ਹਾਸਿਲ ਕਰਨ ਲਈ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਤਫਤੀਸ਼ ਦੌਰਾਨ ਇਨ੍ਹਾਂ ਕੋਲੋਂ ਹੋਰ ਵੀ ਚੋਰੀ ਦਾ ਬਰਾਮਦ ਹੋਣ ਦੀ ਸੰਭਾਵਨਾ ਹੈ।