ਨਵੀਂ ਦਿੱਲੀ, 30 ਅਗਸਤ (ਏਜੰਸੀ)-ਸ਼ਿਪ ਟ੍ਰੈਕਿੰਗ ਡਾਟਾ ਤੋਂ ਪਤਾ ਲੱਗਾ ਹੈ ਕਿ ਰਿਫ਼ਾਇਨਰੀਆਂ ’ਤੇ ਯੂਕਰੇਨੀ ਡਰੋਨ ਹਮਲਿਆਂ ਕਾਰਨ ਰੂਸ ’ਚ ਈਂਧਣ ਦੀ ਦਰਾਮਦ ’ਚ ਵਾਧਾ ਹੋਇਆ ਹੈ ਅਤੇ ਭਾਰਤ ਰੂਸ ਨੂੰ ਗੈਸੋਲੀਨ (ਪੈਟਰੋਲ) ਦਾ ਇਕ ਮੁੱਖ ਸਪਲਾਇਰ ਬਣ ਕੇ ਉੱਭਰਿਆ ਹੈ। ਐਨਰਜੀ ਐਨਾਲਿਟਿਕਸ ਫਰਮ ਵੋਰਟੈਕਸ ਅਨੁਸਾਰ ਅਗਸਤ ’ਚ ਰੂਸ ਦੀ ਸਮੁੰਦਰੀ ਰਸਤੇ ਰਾਹੀਂ ਗੈਸੋਲੀਨ ਦੀ ਦਰਾਮਦ ਵਧ ਕੇ ਰਿਕਾਰਡ 125,000 ਬੈਰਲ ਪ੍ਰਤੀ ਦਿਨ ਹੋ ਗਈ, ਜੋ ਉਸ ਮਹੀਨੇ ਲਈ ਅਨੁਮਾਨਿਤ 470,000 ਟਨ ਦੇ ਬਰਾਬਰ ਹੈ।
ਖਾੜੀ ਖੇਤਰ ’ਚ ਸੰਘਰਸ਼ ਕਾਰਨ ਹੋਰ ਸਰੋਤਾਂ ਤੋਂ ਸਪਲਾਈ ਘੱਟ ਹੋਣ ਨਾਲ ਭਾਰਤ ਦੀ ਰੂਸੀ ਕੱਚੇ ਤੇਲ ਦੀ ਖਰੀਦ ਰਿਕਾਰਡ ਪੱਧਰ ’ਤੇ ਪਹੁੰਚ ਗਈ ਹੈ। ਭਾਰਤ ਨੇ ਜੂਨ-ਜੁਲਾਈ ’ਚ ਪ੍ਰਤੀ ਦਿਨ 26 ਲੱਖ ਬੈਰਲ ਤੋਂ ਵੱਧ ਰੂਸੀ ਕੱਚੇ ਤੇਲ ਦੀ ਦਰਾਮਦ ਕੀਤੀ, ਜੋ ਫਰਵਰੀ ’ਚ 10 ਲੱਖ ਬੈਰਲ ਪ੍ਰਤੀ ਦਿਨ ਦੇ ਹੇਠਲੇ ਪੱਧਰ ਤੋਂ ਵੱਧ ਸੀ ਅਤੇ ਦੇਸ਼ ਦੇ ਕੱਚੇ ਤੇਲ ਦੀ ਦਰਾਮਦ ਦਾ ਅੱਧੇ ਤੋਂ ਵੱਧ ਹਿੱਸਾ ਸੀ। ਸੰਭਾਵਨਾ ਹੈ ਕਿ ਰੂਸ ਨੂੰ ਬਰਾਮਦ ਕੀਤਾ ਗਿਆ ਈਂਧਣ ਰੂਸੀ ਕੱਚੇ ਤੇਲ ਤੋਂ ਹੀ ਬਣਾਇਆ ਗਿਆ ਹੋਵੇ।