01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਅਮਰੀਕਾ ਵਲੋਂ ਜਬਰ ਜਨਾਹ ਦੇ ਦੋਸ਼ੀ ਪੰਜਾਬੀ ਵਿਅਕਤੀ ਦੀ ਨਾਗਰਿਕਤਾ ਰੱਦ, 20 ਸਾਲ ਦੀ ਕੈਦ

ਨਿਊਯਾਰਕ, 1 ਸਤੰਬਰ (ਰਾਜੂ ਸਾਹਿਬਾਜ਼ਪੁਰਾ)-ਨਿਊਯਾਰਕ ਦੀ ਸੰਘੀ ਅਦਾਲਤ ਨੇ ਮਹਿਲਾ ਟੈਕਸੀ ਸਵਾਰੀ ਨਾਲ ਜਬਰ ਜਨਾਹ ਅਤੇ ਅਗਵਾ ਦੇ ਮਾਮਲੇ ਵਿਚ ਦੋਸ਼ੀ ਭਾਰਤੀ ਮੂਲ ਦੇ ਗੁਰਮੀਤ ਸਿੰਘ (55) ....

ਅਜੀਤ ਡੈਸਕ 01-09-2026

ਨਿਊਯਾਰਕ, 1 ਸਤੰਬਰ (ਰਾਜੂ ਸਾਹਿਬਾਜ਼ਪੁਰਾ)-ਨਿਊਯਾਰਕ ਦੀ ਸੰਘੀ ਅਦਾਲਤ ਨੇ ਮਹਿਲਾ ਟੈਕਸੀ ਸਵਾਰੀ ਨਾਲ ਜਬਰ ਜਨਾਹ ਅਤੇ ਅਗਵਾ ਦੇ ਮਾਮਲੇ ਵਿਚ ਦੋਸ਼ੀ ਭਾਰਤੀ ਮੂਲ ਦੇ ਗੁਰਮੀਤ ਸਿੰਘ (55) ਦੀ ਅਮਰੀਕੀ ਨਾਗਰਿਕਤਾ ਰੱਦ ਕਰ ਦਿੱਤੀ ਹੈ। ਅਦਾਲਤ ਮੁਤਾਬਕ ਗੁਰਮੀਤ ਸਿੰਘ ਨੇ ਨਾਗਰਿਕਤਾ ਲਈ ਅਰਜ਼ੀ ਦਿੰਦਿਆਂ ਆਪਣੇ ਗੰਭੀਰ ਅਪਰਾਧ ਦੀ ਜਾਣਕਾਰੀ ਜਾਣਬੁੱਝ ਕੇ ਲੁਕਾਈ ਸੀ।ਗੁਰਮੀਤ ਸਿੰਘ ਫਰਵਰੀ 1992 ਵਿਚ ਛੇ ਮਹੀਨਿਆਂ ਦੇ ਸੈਲਾਨੀ ਵੀਜ਼ੇ ’ਤੇ ਅਮਰੀਕਾ ਆਇਆ ਸੀ।

ਵੀਜ਼ੇ ਦੀ ਮਿਆਦ ਖ਼ਤਮ ਹੋਣ ਮਗਰੋਂ ਵੀ ਉਹ ਕਈ ਸਾਲ ਬਿਨਾਂ ਕਾਨੂੰਨੀ ਇਜਾਜ਼ਤ ਦੇਸ਼ ਵਿਚ ਰਹਿੰਦਾ ਰਿਹਾ। ਪਰਿਵਾਰਕ ਆਧਾਰ ’ਤੇ ਦਾਖ਼ਲ ਇਮੀਗ੍ਰੇਸ਼ਨ ਪਟੀਸ਼ਨ ਮਨਜ਼ੂਰ ਹੋਣ ਤੋਂ ਬਾਅਦ ਉਸ ਨੂੰ ਜੂਨ 2000 ਵਿਚ ਪੱਕੀ ਰਿਹਾਇਸ਼ ਮਿਲ ਗਈ ਸੀ।ਮਈ 2011 ਵਿਚ ਗੁਰਮੀਤ ਸਿੰਘ ਨਿਊਯਾਰਕ ਵਿਚ ਟੈਕਸੀ ਚਲਾਉਂਦਾ ਸੀ। ਉਸ ਨੇ ਵਿਲੀਅਮਜ਼ਬਰਗ ਤੋਂ ਇਕ ਨੌਜਵਾਨ ਮਹਿਲਾ ਨੂੰ ਈਸਟ ਵਿਲੇਜ ਸਥਿਤ ਉਸ ਦੇ ਘਰ ਛੱਡਣ ਲਈ ਟੈਕਸੀ ਵਿਚ ਬਿਠਾਇਆ। ਸਫ਼ਰ ਦੌਰਾਨ ਮਹਿਲਾ ਸੌਂ ਗਈ ਤਾਂ ਸਿੰਘ ਉਸ ਨੂੰ ਇਕ ਸੁੰਨਸਾਨ ਥਾਂ ’ਤੇ ਲੈ ਗਿਆ।

ਉਥੇ ਉਸ ਨੇ ਚਾਕੂ ਨਾਲ ਧਮਕਾ ਕੇ ਮਹਿਲਾ ਨੂੰ ਬੰਨ੍ਹਿਆ ਅਤੇ ਉਸ ਨਾਲ ਜਬਰ ਜਨਾਹ ਕੀਤਾ। ਪੀੜਤਾ ਬਾਅਦ ਵਿਚ ਟੈਕਸੀ ਵਿਚੋਂ ਨਿਕਲ ਕੇ ਰਾਹਗੀਰਾਂ ਤੋਂ ਮਦਦ ਲੈਣ ਵਿਚ ਸਫਲ ਹੋ ਗਈ ਸੀ।ਇਹ ਘਟਨਾ ਗੁਰਮੀਤ ਸਿੰਘ ਵਲੋਂ ਅਮਰੀਕੀ ਨਾਗਰਿਕਤਾ ਲਈ ਅਰਜ਼ੀ ਦੇਣ ਤੋਂ ਕੁਝ ਹਫ਼ਤੇ ਪਹਿਲਾਂ ਵਾਪਰੀ ਸੀ। ਇਸ ਦੇ ਬਾਵਜੂਦ ਉਸ ਨੇ ਨਾਗਰਿਕਤਾ ਪ੍ਰਕਿਰਿਆ ਦੌਰਾਨ ਅਪਰਾਧ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਅਤੇ ਅਕਤੂਬਰ 2011 ਵਿਚ ਅਮਰੀਕੀ ਨਾਗਰਿਕ ਬਣ ਗਿਆ।ਨਿਊਯਾਰਕ ਦੀ ਅਦਾਲਤ ਨੇ 2014 ਵਿਚ ਗੁਰਮੀਤ ਸਿੰਘ ਨੂੰ ਪਹਿਲੀ ਡਿਗਰੀ ਦੇ ਜਬਰ ਜਨਾਹ ਅਤੇ ਜਿਨਸੀ ਮਕਸਦ ਨਾਲ ਕੀਤੇ ਦੂਜੀ ਡਿਗਰੀ ਦੇ ਅਗਵਾ ਦੇ ਮਾਮਲੇ ਵਿਚ ਦੋਸ਼ੀ ਠਹਿਰਾਇਆ ਸੀ।

ਉਸ ਨੂੰ 20 ਸਾਲ ਕੈਦ ਦੀ ਸਜ਼ਾ ਸੁਣਾਈ ਗਈ। ਉਹ ਇਸ ਵੇਲੇ ਨਿਊਯਾਰਕ ਦੇ ਵਾਲਕਿਲ ਸਥਿਤ ਸ਼ਾਵਾਂਗੰਕ ਉੱਚ ਸੁਰੱਖਿਆ ਜੇਲ੍ਹ ਵਿਚ ਬੰਦ ਹੈ ਅਤੇ ਉਸ ਦੀ ਸੰਭਾਵਿਤ ਰਿਹਾਈ ਫਰਵਰੀ 2029 ਵਿਚ ਹੋਣੀ ਹੈ।ਨਿਆਂ ਵਿਭਾਗ ਨੇ ਸਿੰਘ ਦੀ ਨਾਗਰਿਕਤਾ ਰੱਦ ਕਰਵਾਉਣ ਲਈ ਪੂਰਬੀ ਨਿਊਯਾਰਕ ਦੀ ਸੰਘੀ ਜ਼ਿਲ੍ਹਾ ਅਦਾਲਤ ਵਿਚ ਮੁਕੱਦਮਾ ਦਾਇਰ ਕੀਤਾ ਸੀ। ਅਦਾਲਤ ਨੇ ਸਬੂਤਾਂ ਦੀ ਸਮੀਖਿਆ ਤੋਂ ਬਾਅਦ ਫ਼ੈਸਲਾ ਸੁਣਾਇਆ ਕਿ ਉਸ ਨੇ ਅਪਰਾਧ ਲੁਕਾ ਕੇ ਗ਼ਲਤ ਢੰਗ ਨਾਲ ਨਾਗਰਿਕਤਾ ਹਾਸਲ ਕੀਤੀ ਸੀ।

ਸੰਘੀ ਜੱਜ ਨਿਕੋਲਸ ਗਾਰੌਫਿਸ ਨੇ ਉਸ ਨੂੰ ਆਪਣਾ ਨਾਗਰਿਕਤਾ ਸਰਟੀਫਿਕੇਟ, ਅਮਰੀਕੀ ਪਾਸਪੋਰਟ ਅਤੇ ਹੋਰ ਸੰਬੰਧਿਤ ਦਸਤਾਵੇਜ਼ ਸਰਕਾਰ ਕੋਲ ਜਮ੍ਹਾਂ ਕਰਵਾਉਣ ਦੇ ਹੁਕਮ ਦਿੱਤੇ ਹਨ।  ਜੇਲ੍ਹ ਦੀ ਸਜ਼ਾ ਪੂਰੀ ਹੋਣ ਮਗਰੋਂ ਗ੍ਰਹਿ ਸੁਰੱਖਿਆ ਵਿਭਾਗ ਇਹ ਤੈਅ ਕਰੇਗਾ ਕਿ ਗੁਰਮੀਤ ਸਿੰਘ ਨੂੰ ਭਾਰਤ ਭੇਜਣ ਲਈ ਦੇਸ਼ ਨਿਕਾਲੇ ਦੀ ਕਾਰਵਾਈ ਕੀਤੀ ਜਾਵੇ ਜਾਂ ਨਹੀਂ। ਨਾਗਰਿਕਤਾ ਰੱਦ ਹੋਣ ਨਾਲ ਆਪਣੇ ਆਪ ਦੇਸ਼ ਨਿਕਾਲਾ ਨਹੀਂ ਹੁੰਦਾ, ਇਸ ਲਈ ਇਸ ਬਾਰੇ ਵੱਖਰੀ ਇਮੀਗ੍ਰੇਸ਼ਨ ਪ੍ਰਕਿਰਿਆ ਅਪਣਾਈ ਜਾਵੇਗੀ।ਅਮਰੀਕੀ ਅਟਾਰਨੀ ਜਨਰਲ ਟੌਡ ਬਲਾਂਚ ਨੇ ਕਿਹਾ ਕਿ ਨਾਗਰਿਕਤਾ ਅਪਰਾਧੀਆਂ ਲਈ ਸੁਰੱਖਿਆ ਕਵਚ ਨਹੀਂ ਬਣ ਸਕਦੀ। ਨਿਆਂ ਵਿਭਾਗ ਨੇ ਸਪੱਸ਼ਟ ਕੀਤਾ ਕਿ ਝੂਠੀ ਜਾਣਕਾਰੀ ਦੇ ਕੇ ਜਾਂ ਗੰਭੀਰ ਤੱਥ ਲੁਕਾ ਕੇ ਅਮਰੀਕੀ ਨਾਗਰਿਕਤਾ ਹਾਸਲ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਜਾਰੀ ਰਹੇਗੀ।

 

ਪਿਛਲੀ ਖ਼ਬਰ ਅਮਰੀਕਾ ’ਚ 110 ਤੋਂ ਵੱਧ ਟਰੱਕ ਡਰਾਈਵਿੰਗ ਸਕੂਲਾਂ ਦੀ ਮਾਨਤਾ ਰੱਦ ਅਗਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਸਰਕਾਰ ਵਲੋਂ ਫਗਵਾੜਾ ’ਚ ਡਰੋਨ ਸ਼ੋਅ ਕਰਵਾਇਆ ਗਿਆ