ਨਵੀਂ ਦਿੱਲੀ, 1 ਸਤੰਬਰ (ਪੀ.ਟੀ.ਆਈ.) -ਭਾਰਤ ਦੀਆਂ ਤਿੰਨ ਸਰਕਾਰੀ ਤੇਲ ਕੰਪਨੀਆਂ ਵਲੋਂ ਅਗਸਤ ਮਹੀਨੇ ’ਚ ਪੈਟਰੋਲ ਤੇ ਡੀਜ਼ਲ ਦੀ ਵਿਕਰੀ ’ਚ ਕਾਫ਼ੀ ਵਾਧਾ ਹੋਇਆ ਹੈ। ਉਦਯੋਗ ਦੇ ਮੁੱਢਲੇ ਵਿਕਰੀ ਅੰਕੜਿਆਂ ਮੁਤਾਬਿਕ ਮੌਨਸੂਨ ਦੀ ਬੇਤਰਤੀਬ ਬਾਰਿਸ਼ ਕਾਰਨ ਕਿਸਾਨਾਂ ਤੇ ਵਾਹਨ ਚਾਲਕਾਂ ਵਲੋਂ ਈਂਧਨ ਦੀ ਮੰਗ ਵਧੀ ਹੈ। ਇੰਡੀਅਨ ਆਇਲ ਕਾਰਪੋਰੇਸ਼ਨ (ਆਈ.ਓ.ਸੀ.), ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਬੀ.ਪੀ.ਸੀ.ਐੱਲ.) ਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਐੱਚ.ਪੀ.ਸੀ.ਐੱਲ.) ਦੀ ਪੈਟਰੋਲ ਵਿਕਰੀ ਅਗਸਤ ’ਚ 9.1 ਫੀਸਦੀ ਵਧ ਕੇ 34.8 ਲੱਖ ਟਨ ਹੋ ਗਈ।
ਪਿਛਲੇ ਸਾਲ ਇਸੇ ਮਹੀਨੇ ਇਹ ਵਿਕਰੀ 31.9 ਲੱਖ ਟਨ ਸੀ। ਜੁਲਾਈ ’ਚ ਵੀ ਪੈਟਰੋਲ ਦੀ ਵਿਕਰੀ ’ਚ ਸਾਲਾਨਾ ਆਧਾਰ ’ਤੇ 9.7 ਫੀਸਦੀ ਵਾਧਾ ਦਰਜ ਕੀਤਾ ਗਿਆ ਸੀ। ਅਗਸਤ ’ਚ ਪੈਟਰੋਲ ਦੀ ਵਿਕਰੀ ਅਗਸਤ 2024 ਦੇ 30.5 ਲੱਖ ਟਨ ਦੇ ਮੁਕਾਬਲੇ 14 ਫੀਸਦੀ ਵੱਧ ਰਹੀ। ਇਹ ਅਗਸਤ 2023 ਦੇ ਮੁਕਾਬਲੇ ਵੀ 30.7 ਫੀਸਦੀ ਜ਼ਿਆਦਾ ਸੀ। ਮਹੀਨੇਵਾਰ ਆਧਾਰ ’ਤੇ ਪੈਟਰੋਲ ਦੀ ਵਿਕਰੀ ਲਗਭਗ ਇਕ ਫੀਸਦੀ ਵਧ ਕੇ 34.5 ਲੱਖ ਟਨ ਰਹੀ।
ਭਾਰਤ ’ਚ ਆਰਥਿਕ ਸਰਗਰਮੀਆਂ ਦਾ ਇਕ ਮਹੱਤਵਪੂਰਨ ਸੰਕੇਤ ਮੰਨੇ ਜਾਂਦੇ ਡੀਜ਼ਲ ਦੀ ਵਿਕਰੀ ਅਗਸਤ ’ਚ 10.2 ਫੀਸਦੀ ਵਧ ਕੇ 62.7 ਲੱਖ ਟਨ ਹੋ ਗਈ।
ਪਿਛਲੇ ਸਾਲ ਅਗਸਤ ’ਚ ਇਹ 56.9 ਲੱਖ ਟਨ ਸੀ। ਅਗਸਤ ਲਗਾਤਾਰ ਦੂਜਾ ਮਹੀਨਾ ਹੈ ਜਦੋਂ ਡੀਜ਼ਲ ਦੀ ਮੰਗ ’ਚ ਦੋਹਰੇ ਅੰਕਾਂ ’ਚ ਵਾਧਾ ਹੋਇਆ ਹੈ। ਜੁਲਾਈ ’ਚ ਡੀਜ਼ਲ ਦੀ ਵਿਕਰੀ 10.7 ਫੀਸਦੀ ਵਧੀ ਸੀ।