ਗੁਰੂਸਰ (ਬਠਿੰਡਾ), 3 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਪਿਛਲੇਂ ਚਾਰ ਪੰਜ ਦਿਨਾਂ ਤੋਂ ਲਾਪਤਾ ਗਾਇਕ ਤੇ ਗੀਤਕਾਰ ਬਲਜੀਤ ਸਿੰਘ ਉਰਫ਼ ਵੀਤ ਧਾਲੀਵਾਲ ਦੀ ਖ਼ੂਨ ਨਾਲ ਲਥਪਥ ਲਾਸ਼ ਅੱਜ ਪਿੰਡ ਸੁਧਾਰ ਪੱਤੀ ਧਾਲੀਵਾਲ ਵਿਖੇ ਸਥਿਤ ਉਸ ਦੇ ਘਰ ਵਿਚੋਂ ਮਿਲੀ। ਘਰ ਦੇ ਕਮਰੇ ਵਿਚ ਬੈੱਡ ’ਤੇ ਪਈ ਬਲਜੀਤ ਸਿੰਘ (ਪੁੱਤਰ ਨਛੱਤਰ ਸਿੰਘ, ਕਰੀਬ 32 ਸਾਲ) ਦੀ ਮ੍ਰਿਤਕ ਦੇਹ ਗਲ਼ਣ ਸੜਨ ਵੀ ਲੱਗ ਪਈ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਬਲਜੀਤ ਸਿੰਘ ਆਪਣੇ ਘਰ ਵਿਚ ਇਕੱਲਾ ਰਹਿ ਰਿਹਾ ਸੀ ਤੇ ਕਈ ਦਿਨ ਬੀਤ ਜਾਣ 'ਤੇ ਵੀ ਪਰਿਵਾਰਕ ਮੈਂਬਰਾਂ ਨਾਲ ਉਸ ਦਾ ਕੋਈ ਸੰਪਰਕ ਨਾ ਹੋਇਆ ਤਾਂ ਪਰਿਵਾਰ ਵਾਲਿਆਂ ਨੇ ਘਰ ਜਾ ਕੇ ਦੇਖਿਆ ਤਾਂ ਬਲਜੀਤ ਸਿੰਘ ਮੌਤ ਦੇ ਮੂੰਹ ਜਾ ਚੁੱਕਾ ਸੀ। ਨੌਜਵਾਨ ਗਾਇਕ ਬਲਜੀਤ ਸਿੰਘ ਦੀ ਲਾਸ਼ ਘਰ ਦੇ ਜਿਸ ਕਮਰੇ ਵਿਚੋਂ ਮਿਲੀ ਉਥੋਂ ਖ਼ੂਨ ਦੇ ਨਿਸ਼ਾਨ ਮਿਲਣ ਕਾਰਨ ਮਾਮਲਾ ਕਾਫ਼ੀ ਸ਼ੱਕੀ ਬਣ ਗਿਆ ਹੈ।
ਪਰਿਵਾਰ ਨੇ ਪੁਲਿਸ ਤੋਂ ਡੂੰਘਾਈ ਨਾਲ ਜਾਂਚ ਕਰਨ ਦੀ ਮੰਗ ਕਰਦਿਆਂ ਇਸ ਮਾਮਲੇ ਵਿਚ ਕਥਿਤ ਤੌਰ 'ਤੇ ਇਕ ਨਸ਼ਾ ਤਸਕਰ ਦੀ ਭੂਮਿਕਾ ਦੀ ਵੀ ਜਾਂਚ ਕਰਨ ਦੀ ਮੰਗ ਕੀਤੀ ਹੈ। ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਕਿਹਾ ਕਿ ਜਦ ਤੱਕ ਬਲਜੀਤ ਸਿੰਘ ਦੀ ਮੌਤ ਦੇ ਅਸਲ ਕਾਰਨ ਸਾਹਮਣੇ ਨਹੀਂ ਆਉਂਦੇ ਉਦੋਂ ਤੱਕ ਉਹ ਮ੍ਰਿਤਕ ਦੇਹ ਸਬੰਧੀ ਅਗਲੀ ਕਾਰਵਾਈ ਨਹੀਂ ਕਰਵਾਉਣਾ ਚਾਹੁੰਦੇ। ਪ੍ਰਾਪਤ ਜਾਣਕਾਰੀ ਮੁਤਾਬਕ, ਬਲਜੀਤ ਸਿੰਘ ਚਿੱਟੇ ਦੇ ਨਸ਼ੇ ਦਾ ਆਦੀ ਹੋ ਗਿਆ ਸੀ ਤੇ ਇਸਦਾ ਸਪੱਸ਼ਟ ਅਸਰ ਉਸ ਦੀ ਗਾਇਕੀ 'ਤੇ ਵੀ ਪਿਆ। ਪਰਿਵਾਰਕ ਮੈਂਬਰਾਂ ਅਨੁਸਾਰ ਬਲਜੀਤ ਨੂੰ ਉਕਤ ਘਟਨਾ ਤੋਂ ਚਾਰ-ਪੰਜ ਦਿਨ ਪਹਿਲਾਂ ਇਕ ਨਸ਼ਾ ਤਸਕਰ ਦੇ ਟਿਕਾਣੇ ਨੇੜੇ ਦੇਖਿਆ ਗਿਆ ਸੀ ਤੇ ਇਸ ਤੋਂ ਬਾਅਦ ਉਸਦਾ ਕੋਈ ਪਤਾ ਨਹੀਂ ਲੱਗਾ।
ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਿੱਥੇ ਥਾਣਾ ਮੁਖੀ ਸੁਧਾਰ ਸਬ ਇੰਸਪੈਕਟਰ ਕੁਲਵਿੰਦਰ ਸਿੰਘ ਤੇ ਪੁਲਿਸ ਪਾਰਟੀ ਵਲੋਂ ਘਟਨਾ ਸਥਾਨ ਦਾ ਜਾਇਜ਼ਾ ਲੈਣ ਉਪਰੰਤ ਆਪਣੀ ਜਾਂਚ ਆਰੰਭ ਦਿੱਤੀ ਹੈ ਉਥੇ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਮੁਖੀ ਡਾ.ਅੰਕੁਰ ਗੁਪਤਾ ਦੇ ਨਿਰਦੇਸ਼ਾਂ 'ਤੇ ਫੋਰੈਂਸਿਕ ਵਿਭਾਗ, ਡਾਗ ਸਕੁਐਡ ਅਤੇ ਸੀ.ਆਈ.ਏ. ਦੀਆਂ ਟੀਮਾਂ ਨੇ ਵੀ ਘਟਨਾ ਸਥਾਨ ਦਾ ਦੌਰਾ ਕਰਦਿਆਂ ਅਹਿਮ ਸਬੂਤ ਇਕੱਠੇ ਕੀਤੇ। ਸੁਧਾਰ ਪੁਲਿਸ ਵਲੋਂ ਮ੍ਰਿਤਕ ਦੇ ਰਿਸ਼ਤੇਦਾਰਾਂ ਤੋਂ ਪੁੱਛਗਿੱਛ ਕਰਨ ਸਮੇਤ ਘਰ ਅਤੇ ਆਸ-ਪਾਸ ਦੇ ਇਲਾਕੇ ਦੀ ਜਾਂਚ ਕੀਤੀ ਜਾ ਰਹੀ ਹੈ। ਬਲਜੀਤ ਸਿੰਘ ਦੀ ਮੌਤ ਦੇ ਅਸਲ ਕਾਰਨਾਂ ਦਾ ਖ਼ੁਲਾਸਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਹੋ ਸਕੇਗਾ।