ਕੋਲਕਾਤਾ, 4 ਸਤੰਬਰ (ਪੀ.ਟੀ.ਆਈ.)-ਸੈਂਟਰਲ ਕੋਲਕਾਤਾ ’ਚ ਟੀ.ਐਮ.ਸੀ. ਨੇਤਾ ਅਭਿਸ਼ੇਕ ਬੈਨਰਜੀ ਦੇ ਦਫਤਰ ਵਾਲੀ ਇਕ ਉੱਚੀ ਇਮਾਰਤ ਦੇ ਬੇਸਮੈਂਟ ਤੇ 2 ਮੰਜ਼ਿਲਾਂ ਨੂੰ ‘ਅੱਗ ਸੁਰੱਖਿਆ ਉਪਾਵਾਂ ਦੀ ਘਾਟ’ ਕਾਰਨ ਖਾਲੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਪੱਛਮੀ ਬੰਗਾਲ ਡਾਇਰੈਕਟੋਰੇਟ ਆਫ਼ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ ਨੇ ਇਹ ਨਿਰਦੇਸ਼ ਜਾਰੀ ਕੀਤਾ ਹੈ। ਇਹ ਸਭ ਬੈਨਰਜੀ ਦੇ ਕੈਮੈਕ ਸਟਰੀਟ ਦਫਤਰ ’ਚ ਭੰਨਤੋੜ ਤੋਂ ਇਕ ਦਿਨ ਬਾਅਦ ਆਇਆ, ਟੀ.ਐਮ.ਸੀ. ਨੇ ਹਮਲੇ ਲਈ ਭਾਜਪਾ ਨਾਲ ਜੁੜੇ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਇਆ, ਜਿਸ ਦੋਸ਼ ਨੂੰ ਸੱਤਾਧਾਰੀ ਪਾਰਟੀ ਨੇ ਰੱਦ ਕਰ ਦਿੱਤਾ।
ਇਕ ਹਫ਼ਤਾ ਪਹਿਲਾਂ, ਅਧਿਕਾਰੀਆਂ ਨੇ ਉਸੇ ਇਮਾਰਤ ਤੋਂ ਟੀ.ਐਮ.ਸੀ. ਦਾ ਇਕ ‘ਗੈਰ-ਕਾਨੂੰਨੀ’ ਬਿਲਬੋਰਡ ਹਟਾ ਦਿੱਤਾ, ਜਿਸ ਦੌਰਾਨ ਬੈਨਰਜੀ ਦੇ ਦਫਤਰ ਦੇ ਨਿੱਜੀ ਗਾਰਡ, ਉਨ੍ਹਾਂ ਦੇ ਸਮਰਥਕ ਤੇ ਕੁਝ ਪਾਰਟੀ ਨੇਤਾਵਾਂ ਨੇ ਪੁਲਿਸ ਤੇ ਕੋਲਕਾਤਾ ਨਗਰ ਨਿਗਮ (ਕੇ.ਐਮ.ਸੀ.) ਦੇ ਅਧਿਕਾਰੀਆਂ ਨਾਲ ਝੜਪ ਕੀਤੀ ਸੀ। ਇਕ ਅਧਿਕਾਰੀ ਨੇ ਦੱਸਿਆ ਕਿ ਉੱਚੀ ਇਮਾਰਤ ਦੇ ਬੇਸਮੈਂਟ ’ਚ ਕੋਈ ਅੱਗ ਸੁਰੱਖਿਆ ਉਪਾਅ ਨਹੀਂ ਮਿਲੇ। ਇਸ ਤੋਂ ਬਾਅਦ, ਇਮਾਰਤ ਦੇ ਮਾਲਕ ਨੂੰ ਕਾਰਨ ਦੱਸੋ ਨੋਟਿਸ ਦਿੱਤਾ ਤੇ ਉਨ੍ਹਾਂ ਨੂੰ 48 ਘੰਟੇ ਦੀ ਸਮਾਂ ਸੀਮਾ ਦਿੱਤਾ। ਕੋਈ ਜਵਾਬ ਨਾ ਮਿਲਣ ਉਨ੍ਹਾਂ ਨੂੰ ਇਮਾਰਤ ਦੀ 6ਵੀਂ ਤੇ 7ਵੀਂ ਮੰਜ਼ਿਲ, ਬੇਸਮੈਂਟ ਖਾਲੀ ਕਰਨ ਲਈ ਇਕ ਨੋਟਿਸ ਭੇਜਿਆ ਗਿਆ।