ਨਵੀਂ ਦਿੱਲੀ, 8 ਸਤੰਬਰ (ਏਜੰਸੀ)-ਵਿਸ਼ਵ ਕੱਪ ਤੋਂ ਪਹਿਲਾਂ ਜਰਸੀ ਦਾ ਰੰਗ ਬਦਲ ਕੇ ਭਗਵਾ (ਨਾਰੰਗੀ) ਕਰਨ ਨੂੰ ਲੈ ਕੇ ਉੱਠੇ ਵਿਵਾਦ ਤੋਂ ਬਾਅਦ ਆਗਾਮੀ ਏਸ਼ਿਆਈ ਖੇਡਾਂ ’ਚ ਭਾਰਤੀ ਹਾਕੀ ਟੀਮਾਂ ਆਪਣੀ ਰਵਾਇਤੀ ਨੀਲੀ ਜਰਸੀ ’ਚ ਨਜ਼ਰ ਆਉਣਗੀਆਂ। ਹਾਕੀ ਇੰਡੀਆ ਦੇ ਮੁਖੀ ਦਿਲੀਪ ਟਿਰਕੀ ਨੇ ਕਿਹਾ ਕਿ ਭਾਰਤੀ ਉਲੰਪਿਕ ਐਸੋਸੀਏਸ਼ਨ ਨੇ ਟੀਮ ਦੇ ਰੰਗਾਂ ਨੂੰ ਲੈ ਕੇ ਬਦਲ ਦਿੱਤੇ ਸਨ, ਜਿਸ ਤੋਂ ਬਾਅਦ ਹਾਕੀ ਇੰਡੀਆ ਨੇ ਭਾਰਤੀ ਟੀਮ ਦੀ ਜਰਸੀ ਲਈ ਨੀਲੇ ਰੰਗ ਨੂੰ ਪਹਿਲੀ ਪਸੰਦ ਦੱਸਿਆ। ਨਾਰੰਗੀ ਰੰਗ ਦੂਜੀ ਪਸੰਦ ਹੈ। ਟਿਰਕੀ ਨੇ ਕਿਹਾ ਕਿ ਮੈਂ ਵਿਸ਼ਵ ਕੱਪ ਤੋਂ ਪਹਿਲਾਂ ਹੀ ਕਿਹਾ ਸੀ ਕਿ ਟੀਮ ਦੀ ਜਰਸੀ ਦਾ ਨਾਰੰਗੀ (ਭਗਵਾ) ਰੰਗ ਸਥਾਈ ਨਹੀਂ ਹੈ। ਇਸ ਨੂੰ ਭਵਿੱਖ ’ਚ ਬਦਲਿਆ ਜਾ ਸਕਦਾ ਹੈ।
ਹੁਣ ਏਸ਼ਿਆਈ ਖੇਡਾਂ ’ਚ ਨੀਲਾ ਰੰਗ ਵਾਪਸ ਆ ਗਿਆ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ’ਚ ਨੀਦਰਲੈਂਡ ਅਤੇ ਬੈਲਜੀਅਮ ’ਚ ਹੋਏ ਵਿਸ਼ਵ ਕੱਪ ਤੋਂ ਠੀਕ ਪਹਿਲਾਂ ਭਾਰਤੀ ਹਾਕੀ ਟੀਮ ਦੀ ਜਰਸੀ ਦਾ ਰੰਗ ਰਵਾਇਤੀ ਨੀਲੇ ਤੋਂ ਬਦਲ ਕੇ ਭਗਵਾ ਕੀਤੇ ਜਾਣ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਸੀ।ਮਾਮਲੇ ਨੇ ਰਾਜਨੀਤਿਕ ਮੋੜ ਲੈ ਲਿਆ ਸੀ, ਜਦੋਂ ਵਿਰੋਧੀ ਧਿਰ ਨੇ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਇਆ ਸੀ।ਇਹ ਵਿਵਾਦ ਉਦੋਂ ਹੋਰ ਵੱਧ ਗਿਆ, ਜਦੋਂ ਟਿਰਕੀ ਨੇ ਪ੍ਰਕਿਰਿਆ ’ਤੇ ਸਵਾਲ ਉਠਾਉਂਦਿਆਂ ਕਿਹਾ ਸੀ ਕਿ ਉਨ੍ਹਾਂ ਦੀ ਜਾਂ ਕਾਰਜਕਾਰੀ ਬੋਰਡ ਦੀ ਜਾਣਕਾਰੀ ਤੋਂ ਬਿਨਾ ਜਰਸੀ ਦਾ ਰੰਗ ਬਦਲ ਕੇ ਭਗਵਾ ਕਰ ਦਿੱਤਾ ਗਿਆ ਹੈ। ਜਰਸੀ ਦਾ ਰੰਗ ਬਦਲਣ ਨੂੰ ਲੈ ਕੇ ਤਰਕ ਦਿੱਤਾ ਗਿਆ ਸੀ ਕਿ ਨੀਲੇ ਟਰਫ਼ ’ਤੇ ਨੀਲੇ ਰੰਗ ਦੀ ਜਰਸੀ ਨਾਲ ਖੇਡਣ ’ਚ ਮੁਸ਼ਕਲ ਆਉਂਦੀ ਹੈ।