ਸੁਨਾਮ ਊਧਮ ਸਿੰਘ ਵਾਲਾ (ਸੰਗਰੂਰ),12 ਸਤੰਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)- ਅੱਜ ਬਾਅਦ ਦੁਪਹਿਰ ਚੱਠੇ ਨਨਹੇੜਾ-ਛਾਹੜ ਸੜਕ ਤੇ ਹੋਏ ਹਾਦਸੇ ਦੌਰਾਨ ਇਕ ਮੋਟਰਸਾਇਕਲ ਸਵਾਰ ਬਜ਼ੁਰਗ ਦੀ ਮੌਤ ਹੋ ਗਈ ਜਦਿਕ ਮੋਟਰਸਾਇਕਲ ਚਾਲਕ ਦੇ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਹੈ। ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪੁੱਤਰ ਗੁਲਾਬ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਪਿੰਡ ਦੇ ਇਕ ਹੋਰ ਵਿਅਕਤੀ ਨਾਲ ਮੋਟਰਸਾਇਕਲ 'ਤੇ ਦਵਾਈ ਲੈਣ ਜਾ ਰਹੇ ਸਨ।
ਅੱਜ ਬਾਅਦ ਦੁਪਹਿਰ ਕਰੀਬ ਸਵਾ ਕੁ ਤਿੰਨ ਵਜੇ ਚੱਠੇ ਨਨਹੇੜਾ-ਛਾਹੜ ਰੋਡ 'ਤੇ ਪਿੰਡ ਛਾਹੜ ਦੇ ਸ਼ੈਲਰ ਨੇੜੇ ਅੱਗਿਉਂ ਆ ਰਹੀ ਇਕ ਕਾਰ ਨੇ ਉਨ੍ਹਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ।ਜਿਸ ਕਾਰਨ ਦੋਵੇਂ ਗੰਭੀਰ ਜ਼ਖ਼ਮੀ ਹੋ ਗਏ। ਇਲਾਜ ਲਈ ਦੋਵਾਂ ਨੂੰ ਸੁਨਾਮ ਦੇ ਇਕ ਨਿਜੀ ਹਸਪਤਾਲ ਵਿਚ ਲਿਜਾਇਆ ਗਿਆ ਪਰ ਡਾਕਟਰਾਂ ਵਲੋਂ ਹਾਲਤ ਨਾਜ਼ੁਕ ਵੇਖਦੇ ਹੋਏ ਮੇਰੇ ਪਿਤਾ ਭੋਲਾ ਦਾਸ ਨੂੰ ਇਲਾਜ ਲਈ ਸਿਵਲ ਹਸਪਤਾਲ ਸੁਨਾਮ ਵਿਚ ਭੇਜ ਦਿੱਤਾ ਗਿਆ।
ਜਿੱਥੇ ਮੇਰੇ ਪਿਤਾ ਭੋਲਾ ਦਾਸ (75) ਪੁੱਤਰ ਮੰਗਲ ਦਾਸ ਵਾਸੀ ਪਿੰਡ ਛਾਹੜ ਦੀ ਪਹੁੰਚਦਿਆਂ ਹੀ ਮੌਤ ਹੋ ਗਈ ਜਦਕਿ ਗੰਭੀਰ ਜ਼ਖ਼ਮੀ ਪਾਲਾ ਸਿੰਘ ਨੂੰ ਡਾਕਟਰਾਂ ਵਲੋਂ ਇਲਾਜ ਲਈ ਡੀ. ਐਮ. ਸੀ. ਹਸਪਤਾਲ ਲੁਧਿਆਣਾ ਭੇਜ ਦਿੱਤਾ ਗਿਆ। ਇਸ ਸਬੰਧੀ ਜਦੋਂ ਪੁਲਿਸ ਥਾਣਾ ਛਾਜਲੀ ਦੇ ਸਹਾਇਕ ਥਾਣੇਦਾਰ ਖੁਸ਼ਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੁਦੱਈਆਂ ਦੇ ਬਿਆਨਾਂ ਅਨੁਸਾਰ ਜੋ ਵੀ ਗੱਲ ਸਾਹਮਣੇ ਆਵੇਗੀ ਉਸ ਅਨੁਸਾਰ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।