14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਨੌਜਵਾਨੀ ਨੂੰ ਇਤਿਹਾਸ ਤੇ ਸਿਧਾਂਤਾਂ ਨਾਲ ਜੋੜਨਾ ਜ਼ਰੂਰੀ- ਜੱਥੇਦਾਰ ਗੜਗੱਜ

ਜਗਰਾਉਂ (ਲੁਧਿਆਣਾ), 14 ਸਤੰਬਰ (ਕੁਲਦੀਪ ਸਿੰਘ ਲੋਹਟ)- ਇਤਿਹਾਸਕ ਗੁਰਦੁਆਰਾ ਗੁਰੂਸਰ ਕਾਉਂਕੇ ਵਿਖੇ ਸਿੱਖ...

ਅਜੀਤ ਡੈਸਕ 14-09-2026

ਜਗਰਾਉਂ (ਲੁਧਿਆਣਾ), 14 ਸਤੰਬਰ (ਕੁਲਦੀਪ ਸਿੰਘ ਲੋਹਟ)- ਇਤਿਹਾਸਕ ਗੁਰਦੁਆਰਾ ਗੁਰੂਸਰ ਕਾਉਂਕੇ ਵਿਖੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ 82ਵੀਂ ਵਰ੍ਹੇਗੰਢ ਮੌਕੇ ਕਰਵਾਏ ਸਮਾਗਮ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਨੌਜਵਾਨੀ ਕਿਸੇ ਵੀ ਕੌਮ ਦੀ ਸਭ ਤੋਂ ਵੱਡੀ ਤਾਕਤ ਹੁੰਦੀ ਹੈ, ਜੋ ਕੌਮ ਦੇ ਵਰਤਮਾਨ ਨੂੰ ਬਦਲਣ ਦੇ ਨਾਲ-ਨਾਲ ਭਵਿੱਖ ਦੀ ਦਿਸ਼ਾ ਵੀ ਤੈਅ ਕਰ ਸਕਦੀ ਹੈ। ਉਨ੍ਹਾਂ ਨੌਜਵਾਨਾਂ ਨੂੰ ਆਪਣੇ ਇਤਿਹਾਸ, ਵਿਰਸੇ ਅਤੇ ਗੁਰੂ ਸਾਹਿਬਾਨ ਦੇ ਸਿਧਾਂਤਾਂ ਨਾਲ ਜੁੜਨ ਅਤੇ ਮੀਰੀ-ਪੀਰੀ ਦੇ ਸਿਧਾਂਤ ਨੂੰ ਸਮਝਦਿਆਂ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਦਾ ਸੱਦਾ ਦਿੱਤਾ।

ਫੈਡਰੇਸ਼ਨ ਨੂੰ ਕੌਮ ਦਾ ‘ਹਰਿਆਵਲ ਦਸਤਾ’ ਦੱਸਦਿਆਂ ਜੱਥੇਦਾਰ ਗੜਗੱਜ ਨੇ ਸਿੱਖ ਸੰਘਰਸ਼ ਵਿਚ ਇਸ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸਬੰਧੀ ਕਾਨੂੰਨਾਂ ਵਿਚ ਸੋਧ ਬਾਰੇ ਪੁੱਛੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਕੁਝ ਮੱਦਾਂ ਵਿਚ ਬਦਲਾਅ ਲਈ ਸਰਕਾਰ ਨੂੰ 30 ਸਤੰਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ ਅਤੇ ਆਸ ਹੈ ਕਿ ਸਰਕਾਰ ਆਪਣੇ ਵਾਅਦੇ ’ਤੇ ਖਰੀ ਉਤਰੇਗੀ। ਪੰਜਾਬ ਦੀ ਜਵਾਨੀ ਦੇ ਭਵਿੱਖ ’ਤੇ ਚਿੰਤਾ ਜ਼ਾਹਰ ਕਰਦਿਆਂ ਉਨ੍ਹਾਂ ਦੋਸ਼ ਲਾਇਆ ਕਿ ਨਸ਼ਿਆਂ ਕਾਰਨ ਸੂਬੇ ਦੀ ਨੌਜਵਾਨ ਪੀੜ੍ਹੀ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਲੜਾਈ ਸਿਰਫ਼ ਕਾਨੂੰਨ ਨਾਲ ਨਹੀਂ, ਸਗੋਂ ਨੌਜਵਾਨੀ ਨੂੰ ਮਜ਼ਬੂਤ ਨੈਤਿਕ ਤੇ ਧਾਰਮਿਕ ਆਧਾਰ ਦੇ ਕੇ ਵੀ ਲੜਨੀ ਪਵੇਗੀ। ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੰਡੇ-ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣਨ ਦੀ ਅਪੀਲ ਕੀਤੀ।

ਜੱਥੇਦਾਰ ਗੜਗੱਜ ਨੇ ਘੱਟ ਗਿਣਤੀਆਂ ਦੀਆਂ ਚੁਣੌਤੀਆਂ ਦੇ ਸੰਦਰਭ ਵਿਚ ਨੌਜਵਾਨਾਂ ਨੂੰ ਸਮੇਂ ਸਿਰ ਵਿਆਹ ਦੇ ਬੰਧਨ ਵਿਚ ਬੱਝਣ ਅਤੇ ਕੌਮ ਦੀ ਚੜ੍ਹਦੀ ਕਲਾ ਤੇ ਬਹੁਤਾਤ ਲਈ ਦੋ ਤੋਂ ਤਿੰਨ ਬੱਚੇ ਪੈਦਾ ਕਰਨ ਦੀ ਅਪੀਲ ਵੀ ਕੀਤੀ। ਫੈਡਰੇਸ਼ਨ ਦੇ ਪ੍ਰਧਾਨ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਸਿੱਖ ਸਟੂਡੈਂਟਸ ਫੈਡਰੇਸ਼ਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਪੰਥ ਵਿਰੋਧੀ ਤਾਕਤਾਂ ਦਾ ਡਟ ਕੇ ਮੁਕਾਬਲਾ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਫੈਡਰੇਸ਼ਨ ਦਾ 82 ਸਾਲਾਂ ਦਾ ਸਫ਼ਰ ਨੌਜਵਾਨੀ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਅਤੇ ਪੰਥਕ ਚੇਤਨਾ ਮਜ਼ਬੂਤ ਕਰਨ ਦੀ ਲੰਮੀ ਪਰੰਪਰਾ ਦਾ ਪ੍ਰਤੀਕ ਹੈ।

ਪਿਛਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਬਿਜਲੀ ਕੱਟਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਬਿਜਲੀ ਕੱਟਾਂ ਦੇ ਵਿਰੋਧ ’ਚ ਲੱਖੋਵਾਲ ਯੂਨੀਅਨ ਨੇ ਘੇਰਿਆ ਐਕਸੀਅਨ ਦਫ਼ਤਰ