20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਡੇਰਾਬੱਸੀ ਦੇ ਪਿੰਡ ਕਕਰਾਲੀ ’ਚ ਛੁੱਟੀ ਵਾਲੇ ਦਿਨ ਨਾਜਾਇਜ਼ ਮਾਈਨਿੰਗ

ਡੇਰਾਬੱਸੀ, 20 ਸਤੰਬਰ (ਰਣਬੀਰ ਸਿੰਘ ਪੜ੍ਹੀ)- ਡੇਰਾਬੱਸੀ ਹਲਕੇ ਦੇ ਪਿੰਡ ਕਕਰਾਲੀ ਅਤੇ ਆਸ-ਪਾਸ ਦੇ ਖੇਤਰ ਵਿਚ ਨਾਜਾਇਜ਼ ਮਾਈਨਿੰਗ ਦਾ ਮਾਮਲਾ ਇਕ ਵਾਰ ਫਿਰ ਚਰਚਾ ਵਿਚ ਆ ਗਿਆ ਹੈ। ਪਿੰਡ ਵਾਸੀਆਂ ਨੇ ਦੋਸ਼ ਲਾਇਆ ਹੈ ਕਿ ਐਤਵਾਰ ਨੂੰ ਛੁੱਟੀ ਵਾਲੇ ਦਿਨ ਵੀ ਚਿੱਟੇ ਦਿਨ ਮਾਈਨਿੰਗ ਕੀਤੀ ਜਾ ਰਹੀ ਹੈ, ਜਿਸ ਕਾਰਨ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਅਜੀਤ ਡੈਸਕ 20-09-2026

ਡੇਰਾਬੱਸੀ, 20 ਸਤੰਬਰ (ਰਣਬੀਰ ਸਿੰਘ ਪੜ੍ਹੀ)- ਡੇਰਾਬੱਸੀ ਹਲਕੇ ਦੇ ਪਿੰਡ ਕਕਰਾਲੀ ਅਤੇ ਆਸ-ਪਾਸ ਦੇ ਖੇਤਰ ਵਿਚ ਨਾਜਾਇਜ਼ ਮਾਈਨਿੰਗ ਦਾ ਮਾਮਲਾ ਇਕ ਵਾਰ ਫਿਰ ਚਰਚਾ ਵਿਚ ਆ ਗਿਆ ਹੈ। ਪਿੰਡ ਵਾਸੀਆਂ ਨੇ ਦੋਸ਼ ਲਾਇਆ ਹੈ ਕਿ ਐਤਵਾਰ ਨੂੰ ਛੁੱਟੀ ਵਾਲੇ ਦਿਨ ਵੀ ਚਿੱਟੇ ਦਿਨ ਮਾਈਨਿੰਗ ਕੀਤੀ ਜਾ ਰਹੀ ਹੈ, ਜਿਸ ਕਾਰਨ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਦਿਨ-ਦਿਹਾੜੇ ਭਾਰੀ ਮਸ਼ੀਨਰੀ ਅਤੇ ਵਾਹਨਾਂ ਰਾਹੀਂ ਮਿੱਟੀ/ਮਾਈਨਿੰਗ ਸਮੱਗਰੀ ਦੀ ਢੋਆ-ਢੁਆਈ ਹੋ ਰਹੀ ਹੈ ਤਾਂ ਸੰਬੰਧਿਤ ਵਿਭਾਗਾਂ ਦੀ ਨਜ਼ਰ ਇਸ ਵੱਲ ਨਾ ਪੈਣਾ ਆਪਣੇ ਆਪ ਵਿਚ ਕਈ ਸਵਾਲ ਖੜ੍ਹੇ ਕਰਦਾ ਹੈ।

ਇਲਾਕਾ ਵਾਸੀਆਂ ਮੁਤਾਬਕ ਕਕਰਾਲੀ ਅਤੇ ਨੇੜਲੇ ਖੇਤਰ ਵਿਚ ਮਾਈਨਿੰਗ ਨੂੰ ਲੈ ਕੇ ਪਹਿਲਾਂ ਵੀ ਸਵਾਲ ਉੱਠਦੇ ਰਹੇ ਹਨ। ਇਸ ਦੇ ਬਾਵਜੂਦ ਜੇਕਰ ਬਿਨਾਂ ਲੋੜੀਂਦੀ ਮਨਜ਼ੂਰੀ ਜਾਂ ਨਿਯਮਾਂ ਦੀ ਉਲੰਘਣਾ ਕਰਕੇ ਖੁਦਾਈ ਕੀਤੀ ਜਾ ਰਹੀ ਹੈ ਤਾਂ ਇਸ ਦੀ ਤੁਰੰਤ ਜਾਂਚ ਹੋਣੀ ਚਾਹੀਦੀ ਹੈ। ਲੋਕਾਂ ਨੇ ਖਦਸ਼ਾ ਜਤਾਇਆ ਕਿ ਲਗਾਤਾਰ ਡੂੰਘੀ ਖੁਦਾਈ ਨਾਲ ਜ਼ਮੀਨ ਦਾ ਸਰੂਪ ਵਿਗੜਨ ਦੇ ਨਾਲ-ਨਾਲ ਆਲੇ-ਦੁਆਲੇ ਦੀਆਂ ਸੜਕਾਂ ਅਤੇ ਵਾਤਾਵਰਨ ਉੱਤੇ ਵੀ ਮਾੜਾ ਅਸਰ ਪੈ ਸਕਦਾ ਹੈ।

ਪਿੰਡ ਵਾਸੀਆਂ ਨੇ ਕਿਹਾ ਕਿ ਮਾਈਨਿੰਗ ਨੂੰ ਰੋਕਣ ਅਤੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਸੰਬੰਧਿਤ ਵਿਭਾਗਾਂ ਦੀ ਜ਼ਿੰਮੇਵਾਰੀ ਤੈਅ ਹੈ। ਅਜਿਹੇ ਵਿਚ ਐਤਵਾਰ ਨੂੰ ਦਿਨ ਵੇਲੇ ਮਾਈਨਿੰਗ ਹੋਣ ਦੇ ਦੋਸ਼ਾਂ ਨੇ ਮਾਈਨਿੰਗ ਵਿਭਾਗ ਅਤੇ ਪੁਲਿਸ ਦੀ ਨਿਗਰਾਨੀ ’ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਉਨ੍ਹਾਂ ਮੰਗ ਕੀਤੀ ਕਿ ਪ੍ਰਸ਼ਾਸਨ ਮੌਕੇ ਦੀ ਜਾਂਚ ਕਰਵਾ ਕੇ ਇਹ ਸਪੱਸ਼ਟ ਕਰੇ ਕਿ ਖੁਦਾਈ ਲਈ ਕੋਈ ਕਾਨੂੰਨੀ ਮਨਜ਼ੂਰੀ ਲਈ ਗਈ ਹੈ ਜਾਂ ਨਹੀਂ ਅਤੇ ਮਨਜ਼ੂਰੀ ਹੋਣ ਦੀ ਸੂਰਤ ਵਿਚ ਵੀ ਮਾਈਨਿੰਗ ਨਿਰਧਾਰਤ ਹੱਦਾਂ ਅਤੇ ਸ਼ਰਤਾਂ ਅਨੁਸਾਰ ਹੀ ਕੀਤੀ ਜਾ ਰਹੀ ਹੈ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਮਾਈਨਿੰਗ ਵਿਭਾਗ ਤੋਂ ਮੰਗ ਕੀਤੀ ਹੈ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਜਾਂਚ ਕਰਵਾਈ ਜਾਵੇ। ਜੇਕਰ ਮਾਈਨਿੰਗ ਗੈਰ-ਕਾਨੂੰਨੀ ਪਾਈ ਜਾਂਦੀ ਹੈ ਤਾਂ ਇਸ ਨੂੰ ਤੁਰੰਤ ਬੰਦ ਕਰਵਾ ਕੇ ਮਸ਼ੀਨਰੀ ਅਤੇ ਵਾਹਨਾਂ ਸੰਬੰਧੀ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ ਅਤੇ ਇਸ ਪਿੱਛੇ ਜ਼ਿੰਮੇਵਾਰ ਲੋਕਾਂ ਦੀ ਭੂਮਿਕਾ ਵੀ ਜਾਂਚੀ ਜਾਵੇ।
 
ਇਸ ਮਾਮਲੇ ਵਿਚ ਮਾਈਨਿੰਗ ਵਿਭਾਗ ਦੇ ਐਕਸੀਅਨ ਗੁਰਤੇਜ ਸਿੰਘ ਗਰਚਾ ਨੇ ਆਖਿਆ ਕਿ ਹੁਣੇ ਉਹ ਟੀਮ ਭੇਜ ਕੇ ਕਾਰਵਾਈ ਕਰਾਉਂਦੇ ਹਨ।

ਪਿਛਲੀ ਖ਼ਬਰ ਪੰਜ ਸਿੰਘ ਸਾਹਿਬਾਨ ਦੀ ਹੰਗਾਮੀ ਇਕੱਤਰਤਾ ਜਾਰੀ - ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਜਾਰੀ ਹੋਵੇਗਾ ਕੋਈ ਅਹਿਮ ਆਦ... ਅਗਲੀ ਖ਼ਬਰ ‘ਆਪ’ ਆਗੂ ਗੁਰਵਿੰਦਰ ਸਿੰਘ ਫੌਜੀ ਦੀ ਸੜਕ ਹਾਦਸੇ ਵਿਚ ਮੌਤ