ਮਾਛੀਵਾੜਾ ਸਾਹਿਬ (ਲੁਧਿਆਣਾ), 24 ਸਤੰਬਰ (ਰਾਜਦੀਪ ਸਿੰਘ ਅਲਬੇਲਾ)- ਸਥਾਨਕ ਅਨਾਜ ਮੰਡੀ ਦੇ ਸਾਹਮਣੇ ਸਥਿਤ ਮਾਰਕਫੈਡ ਦੇ ਗੁਦਾਮਾਂ ਵਿਚ ਅੱਜ ਸਵੇਰੇ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਨਾਲ ਹਲਚਲ ਮਚ ਗਈ। ਗੁਦਾਮ ਵਿਚ ਕਣਕ ਦਾ ਭਾਰੀ ਸਟਾਕ ਸਟੋਰ ਕੀਤਾ ਹੋਇਆ ਹੈ। ਮੁੱਢਲੀ ਜਾਣਕਾਰੀ ਅਨੁਸਾਰ ਸ਼ਾਰਟ ਸਰਕਟ ਹੋਣ ਕਾਰਨ ਕਣਕ ਦੇ ਸਟਾਕ ਉੱਪਰ ਪਾਈ ਤਰਪਾਲ ਨੂੰ ਅੱਗ ਲੱਗ ਗਈ, ਜਿਸ ਕਾਰਨ ਗੁਦਾਮ ਵਿਚ ਕਾਫ਼ੀ ਧੂੰਆਂ ਨਿਕਲਣ ਲੱਗ ਪਿਆ।
ਘਟਨਾ ਦਾ ਪਤਾ ਲੱਗਦਿਆਂ ਹੀ ਗੁਦਾਮ ਦੇ ਚੌਂਕੀਦਾਰਾਂ ਵਲੋਂ ਤੁਰੰਤ ਮਾਮਲੇ ਦੀ ਸੂਚਨਾ ਫਾਇਰ ਬ੍ਰਿਗੇਡ ਅਤੇ ਪੁਲਿਸ ਨੂੰ ਦਿੱਤੀ ਗਈ। ਚੌਂਕੀਦਾਰਾਂ ਨੇ ਗੁਦਾਮ ਵਿਚ ਉਪਲਬਧ ਅੱਗ ਬੁਝਾਊ ਯੰਤਰਾਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਉਣ ਲਈ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ। ਉਨ੍ਹਾਂ ਦੀ ਮੁਸਤੈਦੀ ਸਦਕਾ ਅੱਗ ਨੂੰ ਸਮੇਂ ਸਿਰ ਕਾਬੂ ਕਰ ਲਿਆ ਗਿਆ। ਜਦੋਂ ਤੱਕ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ 'ਤੇ ਪਹੁੰਚੀ, ਉਦੋਂ ਤੱਕ ਗੁਦਾਮ ਵਿਚ ਲੱਗੀ ਅੱਗ 'ਤੇ ਕਾਬੂ ਪਾਇਆ ਜਾ ਚੁੱਕਾ ਸੀ। ਇਸ ਘਟਨਾ ਕਾਰਨ ਕਣਕ ਦੀਆਂ ਲਗਭਗ 20 ਤੋਂ 30 ਬੋਰੀਆਂ ਨੁਕਸਾਨੀਆਂ ਜਾਣ ਦੀ ਜਾਣਕਾਰੀ ਮਿਲੀ ਹੈ। ਹਾਲਾਂਕਿ ਅੱਗ ਸਮੇਂ ਸਿਰ ਕਾਬੂ ਆ ਜਾਣ ਕਾਰਨ ਗੁਦਾਮ ਵਿਚ ਸਟੋਰ ਕੀਤੀ ਕਣਕ ਦੇ ਵੱਡੇ ਸਟਾਕ ਨੂੰ ਅੱਗ ਦੀ ਲਪੇਟ ਵਿਚ ਆਉਣ ਤੋਂ ਬਚਾ ਲਿਆ ਗਿਆ।
ਘਟਨਾ ਦੀ ਸੂਚਨਾ ਮਿਲਣ 'ਤੇ ਪੁਲਿਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਵੀ ਮੌਕੇ 'ਤੇ ਪਹੁੰਚੀ। ਸਮੇਂ ਸਿਰ ਕੀਤੀ ਗਈ ਕਾਰਵਾਈ ਅਤੇ ਚੌਂਕੀਦਾਰਾਂ ਵਲੋਂ ਦਿਖਾਈ ਗਈ ਮੁਸਤੈਦੀ ਕਾਰਨ ਅੱਗ ਨੂੰ ਹੋਰ ਫੈਲਣ ਤੋਂ ਰੋਕ ਲਿਆ ਗਿਆ, ਜਿਸ ਨਾਲ ਵੱਡੇ ਮਾਲੀ ਨੁਕਸਾਨ ਤੋਂ ਬਚਾਅ ਹੋ ਗਿਆ। ਮੁੱਢਲੇ ਤੌਰ 'ਤੇ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।