ਚੰਡੀਗੜ੍ਹ, 25 ਸਤੰਬਰ (ਅਜਾਇਬ ਔਜਲਾ)- ਆਮ ਆਦਮੀ ਪਾਰਟੀ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਅੱਜ ਚੰਡੀਗੜ੍ਹ ਵਿਖੇ ਆਮ ਆਦਮੀ ਪਾਰਟੀ ਦੇ ਮੁੱਖ ਦਫ਼ਤਰ ਵਿਚ ਇਕ ਪੱਤਰਕਾਰ ਸੰਮੇਲਨ ਦੌਰਾਨ ਬਹਿਰੀਨ ਤੋਂ ਆਈ ਮਹਿਲਾ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋਂ ਇਸ ਦੀ ਜਾਂਚ ਲਈ ਬਣਾਈ ਕਮੇਟੀ ਤੇ ਸਵਾਲ ਖੜੇ ਕੀਤੇ ਹਨ। ਬਲਤੇਜ ਪੰਨੂ ਨੇ ਕਿਹਾ ਕਿ ਕਮੇਟੀ ਵਿਚ ਸਾਰੇ ਜੂਨੀਅਰ ਮੈਂਬਰ ਹਨ ਉਹ ਇਸ ਮਸਲੇ ਵਿਚ ਆਪ ਤੋਂ ਵੱਡੇ ਨੇਤਾਵਾਂ ਤੋ ਕਿਸ ਤਰਾਂ ਸਵਾਲ ਪੁੱਛਣਗੇ।
ਉਨ੍ਹਾਂ ਕਿਹਾ ਕਿ ਭਾਵੇਂ ਧਾਮੀ ਨੇ 15 ਦਿਨਾਂ ਵਿਚ ਰਿਪੋਰਟ ਦੇਣ ਲਈ ਕਮੇਟੀ ਨੂੰ ਕਿਹਾ ਹੈ ਪਰੰਤੂ ਉਹ ਨਿਰਧਾਰਤ ਸਮੇਂ ਵਿਚ ਨਹੀਂ ਆਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਬਾਕੀ ਇਸ ਮਸਲੇ 'ਤੇ ਸਰਕਾਰ ਕਾਨੂੰਨ ਅਨੁਸਾਰ ਕਾਰਵਾਈ ਕਰੇਗੀ। ਉਨ੍ਹਾਂ ਇਸ ਮਸਲੇ ਤੇ ਭਾਰਤੀ ਜਨਤਾ ਪਾਰਟੀ ਦੇ ਨਾਲ ਨਾਲ ਕਾਂਗਰਸ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਰਾਜਾ ਅਮਰਿੰਦਰ ਸਿੰਘ ਵੜਿੰਗ ਦੀ ਚੁੱਪੀ 'ਤੇ ਵੀ ਸਵਾਲ ਖੜੇ ਕੀਤੇ।
ਕੈਪਟਨ ਅਮਰਿੰਦਰ ਸਿੰਘ ਬਾਰੇ ਇਸ ਮੌਕੇ ਤੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸਭ ਤੋਂ ਵੱਧ ਜੇਕਰ ਕੋਈ ਮੌਕਾਪ੍ਰਸਤ ਵਿਅਕਤੀ ਹੈ ਤਾਂ ਉਹ ਕੈਪਟਨ ਅਮਰਿੰਦਰ ਸਿੰਘ ਹੈ। ਬਲਤੇਜ ਸਿੰਘ ਪੰਨੂ ਨੇ ਪਿਛਲੀ ਦਿਨੀਂ ਈ.ਡੀ ਵਲੋਂ ਕੀਤੀ ਰੇਡ ਤੇ ਗੱਲ ਕਰਦਿਆਂ ਕਿਹਾ ਕਿ ਈ.ਡੀ ਖਾਲੀ ਹੱਥ ਵਾਪਸ ਪਰਤੀ ਹੈ।