ਨਵੀਂ ਦਿੱਲੀ, 7 ਅਕਤੂਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਰਕਾਰ ਦੇ ਮੁਖੀ ਵਜੋਂ 25 ਸਾਲ ਪੂਰੇ ਕੀਤੇ। ਇਸ ਖਾਸ ਮੌਕੇ ਨੂੰ ਮਨਾਉਣ ਲਈ ਉਨ੍ਹਾਂ ਨੇ ਦਿੱਲੀ ਦੇ ਸ੍ਰੀ ਵਿਨਾਇਕ ਮੰਦਰ ਵਿਚ ਪੂਜਾ ਤੇ ਪ੍ਰਾਰਥਨਾ ਕੀਤੀ। ਮੋਦੀ ਦੀ ਯਾਤਰਾ 7 ਅਕਤੂਬਰ, 2001 ਨੂੰ ਸ਼ੁਰੂ ਹੋਈ ਸੀ, ਜਦੋਂ ਉਹ ਗੁਜਰਾਤ ਦੇ ਮੁੱਖ ਮੰਤਰੀ ਬਣੇ ਸਨ। ਬਾਅਦ ਵਿਚ ਉਹ 2014 ਵਿਚ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਤੇ ਲਗਾਤਾਰ ਤਿੰਨ ਵਾਰ ਸੇਵਾ ਕੀਤੀ।
ਉਪ ਰਾਸ਼ਟਰਪਤੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ 25 ਸਾਲ ਪੂਰੇ ਕਰਨ 'ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ 'ਪ੍ਰਧਾਨ ਸੇਵਕ' ਵਜੋਂ ਮੋਦੀ ਦੀ ਯਾਤਰਾ ਨੇ ਸਮਾਵੇਸ਼ੀ ਵਿਕਾਸ ਦੇ ਦ੍ਰਿਸ਼ਟੀਕੋਣ ਨੂੰ ਇਕ ਦੇਸ਼ ਵਿਆਪੀ ਮਿਸ਼ਨ ਵਿਚ ਬਦਲ ਦਿੱਤਾ ਹੈ। ਇਹ ਯਾਤਰਾ "ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ, ਅਤੇ ਸਬਕਾ ਪ੍ਰਯਾਸ" ਦੇ ਸਿਧਾਂਤਾਂ ਦੁਆਰਾ ਨਿਰਦੇਸ਼ਤ ਹੈ। ਇਕ ਪੋਸਟ ਵਿਚ ਉਪ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਸਰਕਾਰ ਦੇ ਮੁਖੀ ਵਜੋਂ ਦੇਸ਼ ਦੀ ਸੇਵਾ ਦੇ 25 ਸਾਲ ਪੂਰੇ ਕਰਨਾ ਆਪਣੇ ਆਪ ਵਿਚ ਇਕ ਮਹੱਤਵਪੂਰਨ ਮੀਲ ਪੱਥਰ ਹੈ।