09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਲੌਂਗੋਵਾਲ 'ਚ ਖਿਡਾਰੀਆਂ ਦਾ ਫੁੱਟਿਆ ਰੋਹ, ਖੇਡ ਮੈਦਾਨ ਦੀ ਰਾਖੀ ਲਈ ਕੀਤਾ ਵੱਡਾ ਰੋਸ ਪ੍ਰਦਰਸ਼ਨ

ਲੌਂਗੋਵਾਲ (ਸੰਗਰੂਰ), 9 ਅਕਤੂਬਰ (ਵਿਨੋਦ ਸ਼ਰਮਾ)- ਅੱਜ ਲੌਂਗੋਵਾਲ ਇਲਾਕੇ ਦੇ ਖਿਡਾਰੀਆਂ ਅਤੇ ਨੌਜਵਾਨਾਂ ਨੇ...

ਅਜੀਤ ਡੈਸਕ 09-10-2026

 ਲੌਂਗੋਵਾਲ (ਸੰਗਰੂਰ), 9 ਅਕਤੂਬਰ (ਵਿਨੋਦ ਸ਼ਰਮਾ)- ਅੱਜ ਲੌਂਗੋਵਾਲ ਇਲਾਕੇ ਦੇ ਖਿਡਾਰੀਆਂ ਅਤੇ ਨੌਜਵਾਨਾਂ ਨੇ ਸਰਕਾਰ ਵਲੋਂ ਪੁਲਿਸ ਥਾਣੇ ਦੇ ਨਜ਼ਦੀਕ ਬਣਾਏ ਜਾ ਰਹੇ ਖੇਡ ਸਟੇਡੀਅਮ ਨੂੰ ਅਮਲੀ ਰੂਪ ਦੇਣ ਵਿਚ ਅੜਿੱਕਾ ਲਾਉਣ ਵਾਲੇ ਲੋਕਾਂ ਖਿਲਾਫ਼ ਵਿਸ਼ਾਲ ਆਪ ਮੁਹਾਰੇ ਰੋਸ ਮਾਰਚ ਕਰਦਿਆਂ ਭਰਵਾਂ ਰੋਸ ਪ੍ਰਦਰਸ਼ਨ ਕੀਤਾ। ਇਸ ਰੋਸ ਮਾਰਚ ਵਿਚ ਸ਼ਹੀਦ ਕਰਤਾਰ ਸਿੰਘ ਸਰਾਭਾ ਕਲੱਬ, ਕਿਰਤੀ ਕਿਸਾਨ ਯੂਨੀਅਨ, ਜਨਤਕ ਜ਼ਮਹੂਰੀ ਜਥੇਬੰਦੀਆਂ, ਵੱਡੀ ਗਿਣਤੀ ਵਿਚ ਇਲਾਕੇ ਦੇ ਖਿਡਾਰੀਆਂ ਤੋਂ ਇਲਾਵਾ ਕਿਸਾਨ ਜਥੇਬੰਦੀਆਂ, ਸਮਾਜਿਕ ਕਾਰਕੁਨ, ਕਿਸਾਨ ਅਤੇ ਵੱਡੀ ਗਿਣਤੀ ਵਿਚ ਖੇਡ ਪ੍ਰੇਮੀ ਸ਼ਾਮਿਲ ਹੋਏ।

ਇਹ ਰੋਸ ਮਾਰਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਲੌਂਗੋਵਾਲ ਦੇ ਖੇਡ ਮੈਦਾਨ ਤੋਂ ਸ਼ੁਰੂ ਹੋਇਆ ਅਤੇ ਥਾਣੇ ਦੇ ਨਜ਼ਦੀਕ ਖੇਡ ਸਟੇਡੀਅਮ ਲਈ ਥਾਂ ਰਾਖਵੀਂ ਥਾਂ ਤੇ ਸੰਪੰਨ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦਿਆ ਸਰਾਭਾ ਕਲੱਬ ਦੇ ਆਗੂਆਂ ਬਲਵਿੰਦਰ ਸਿੰਘ ਅਤੇ ਮਾਸਟਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਲੌਂਗੋਵਾਲ ਵਿਚ ਖਿਡਾਰੀਆਂ ਲਈ ਇਕ ਵੀ ਚੱਜ ਦਾ ਖੇਡ ਮੈਦਾਨ ਉਪਲੱਬਧ ਨਹੀਂ ਹੈ। ਸਰਾਭਾ ਕਲੱਬ ਅਤੇ ਲੌਂਗੋਵਾਲ ਨਿਵਾਸੀ ਪਿਛਲੇ 20 ਸਾਲਾਂ ਤੋਂ ਸਟੇਡੀਅਮ ਦੇ ਨਿਰਮਾਣ ਲਈ ਸੰਘਰਸ਼ ਕਰ ਰਹੇ ਹਨ। ਵਰ੍ਹਿਆਂ ਦੇ ਸੰਘਰਸ਼ ਤੋਂ ਬਾਅਦ ਇਲਾਕਾ ਨਿਵਾਸੀਆਂ ਦੀ ਅਹਿਮ ਮੰਗ ਨੂੰ ਪੂਰਾ ਕਰਦਿਆਂ ਮੌਜੂਦਾ ਸਰਕਾਰ ਵਲੋਂ 3 ਕਰੋੜ ਰੁਪਏ ਤੋਂ ਵਧੇਰੇ ਦੀ ਲਾਗਤ ਨਾਲ ਖੇਡ ਸਟੇਡੀਅਮ ਮਨਜ਼ੂਰ ਕੀਤਾ ਹੈ। ਹੁਣ ਜਦੋਂ  ਇਹ ਖੇਡ ਸਟੇਡੀਅਮ ਬਣਨ ਦੀ ਗੱਲ ਚੱਲੀ ਹੈ ਤਾਂ ਕੁਝ ਰਾਜਨੀਤਿਕ ਅਤੇ ਘੜੰਮ ਚੌਧਰੀਆ ਵਲੋਂ ਇਸ ਸਟੇਡੀਅਮ ਦੇ ਬਣਨ ਲਈ ਢੁੱਚਰਾਂ ਡਾਹੀਆਂ ਜਾ ਰਹੀਆਂ ਹਨ।

ਸਟੇਡੀਅਮ ਬਣਾਉਣ ਵਾਲੀ ਥਾਂ ਤੇ ਪੰਛੀਆਂ ਅਤੇ ਮੋਰਾਂ ਦੇ ਉਜਾੜੇ ਦੇ ਨਾਮ ਤੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਜਦਕਿ ਮੋਰਾਂ ਅਤੇ ਪੰਛੀਆਂ ਦੇ ਰੈਣ ਬਸੇਰੇ ਲਈ ਸਰਕਾਰ ਨੇ ਪਹਿਲਾਂ ਤੋਂ ਹੀ ਥਾਂ ਛੱਡਣ ਦੀ ਤਜਵੀਜ਼ ਰੱਖੀ ਹੈ। ਦਰਅਸਲ ਇਹ ਮਾਮਲਾ ਅੱਜ ਉਸ ਵੇਲੇ ਹੋਰ ਤੂਲ ਫੜ ਗਿਆ ਜਦੋਂ ਇਸ ਥਾਂ ਤੇ ਆਕੇ ਪੰਥਕ ਸ਼ਖਸ਼ੀਅਤ ਅਤੇ ਸਮਾਜਿਕ ਕਾਰਕੁੰਨ ਮੋਹਨਜੀਤ ਸਿੰਘ ਸ਼ੇਰੋ ਨੇ ਸਟੇਡੀਅਮ ਦੀ ਉਸਾਰੀ ਹੋਣ 'ਤੇ ਸਵਾਲ ਉਠਾਏ। ਅੱਜ ਇਸ ਖ਼ਬਰ ਦਾ 'ਅਜੀਤ' ਵਿਚ ਪ੍ਰਮੁੱਖਤਾ ਨਾਲ ਨਸ਼ਰ ਹੋਣ ਪਿਛੋਂ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਨੇ ਰੋਸ ਮਾਰਚ ਕਰਦਿਆਂ ਮੋਹਨਜੀਤ ਸ਼ੇਰੋਂ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਵਿਚ ਨਾ ਆਉਣ।

ਖਿਡਾਰੀਆਂ ਨੇ ਕਿਹਾ ਕਿ ਮੋਹਨਜੀਤ ਸ਼ੇਰੋਂ ਨਸ਼ਿਆਂ ਦੇ ਖਿਲਾਫ਼ ਹਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਰੋਕਣ ਲਈ ਖੇਡਾਂ ਦਾ ਅਹਿਮ ਰੋਲ ਹੈ। ਇਸ ਮੌਕੇ ਡਾ. ਮਲਵਿੰਦਰ ਸਿੰਘ ਸਿੱਧੂ, ਸੁਖਵਿੰਦਰ ਸਿੰਘ, ਹਰਦੀਪ ਸਿੰਘ ਖੈਹਰਾ, ਗੁਰਪ੍ਰੀਤ ਧੱਕੜ, ਗੁਰਮੀਤ ਖਾਂ, ਗੁਰਵਿੰਦਰ ਸਿੰਘ, ਬੀਰਬਲ ਸਿੰਘ, ਸੁੱਖਾ ਕਬੱਡੀ, ਕਾਲੂ ਕਬੱਡੀ, ਸੇਮਾ ਕ੍ਰਿਕਟ, ਬਲਬੀਰ ਸਿੰਘ,ਸਤਨਾਮ ਸਿੰਘ, ਸਾਧੂ ਕ੍ਰਿਕਟਰ,ਪਰਦੀਪ ਫੁੱਟਬਾਲਰ, ਡੀਸੀ ਸਾਬ, ਜਗਦੀਪ ਸਿੰਘ, ਨੇਸ਼ੀ, ਭੰਤੀ, ਜੱਸ ਐਡਵੋਕੇਟ, ਸੀਰਾ ਕ੍ਰਿਕਟਰ, ਬੱਲਾ ਕਬੱਡੀ ਅਤੇ ਤਾਰੀ ਕਬੱਡੀ ਕੋਚ ਸਮੇਤ ਵੱਡੀ ਗਿਣਤੀ ਵਿਚ ਖਿਡਾਰਨਾ ਮੌਜੂਦ ਸਨ।

ਪਿਛਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਹਾਕੀ ਸਟੇਡੀਅਮ, ਜਲੰਧਰ ਵਿਖੇ ਪਹੁੰਚੇ, ਤਿਆਰੀਆਂ ਦਾ ਲਿਆ ਜ਼ਾਇਜਾ ਅਗਲੀ ਖ਼ਬਰ ਪੰਜਾਬ ਸਰਕਾਰ ਨੇ ਪੰਜਾਬ ਵਿਧਾਨ ਸਭਾ ਦਾ ਸੱਦਿਆ ਸੈਸ਼ਨ