10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਵਲੋਂ ਮਾਝਾ ਜੋਨ ਦੇ ਪ੍ਰਚਾਰਕ, ਢਾਡੀ ਤੇ ਕਵੀਸ਼ਰ ਜਥਿਆਂ ਨਾਲ ਕੀਤੀ ਗਈ ਇਕੱਤਰਤਾ

ਅੰਮ੍ਰਿਤਸਰ, 10 ਅਕਤੂਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਵਲੋਂ ਧਰਮ ਦੇ ਪ੍ਰਚਾਰ ਪ੍ਰਸਾਰ ਨੂੰ ਹੋਰ ਤੇਜ਼ ਕਰਨ ਦੇ ਮੰਤਵ ਨਾਲ....

ਅਜੀਤ ਡੈਸਕ 10-10-2026
ਅੰਮ੍ਰਿਤਸਰ, 10 ਅਕਤੂਬਰ  (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਵਲੋਂ ਧਰਮ ਦੇ ਪ੍ਰਚਾਰ ਪ੍ਰਸਾਰ ਨੂੰ ਹੋਰ ਤੇਜ਼ ਕਰਨ ਦੇ ਮੰਤਵ ਨਾਲ ਆਰੰਭ ਕੀਤੀ ਜਾ ਰਹੀ ਚੱਲਦਾ ਵਹੀਰ ਗੁਰਮਤਿ ਸਮਾਗਮ ਲਹਿਰ ਆਰੰਭ ਕਰਨ ਲਈ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਮਾਝਾ ਜੋਨ ਦੇ ਪ੍ਰਚਾਰਕ, ਢਾਡੀ ਤੇ ਕਵੀਸ਼ਰ ਜਥਿਆਂ ਦੇ ਨਾਲ-ਨਾਲ ਵੱਖ-ਵੱਖ ਸਿੱਖ ਮਿਸ਼ਨਾਂ ਦੇ ਇੰਚਾਰਜਾਂ ਦੀ ਇਕੱਤਰਤਾ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਈ।
 
ਇਕੱਤਰਤਾ ਨੂੰ ਸੰਬੋਧਨ ਕਰਦਿਆਂ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਮੰਤਵ ਸਿੱਖ ਸਿਧਾਂਤਾਂ ਅਤੇ ਗੁਰਮਤਿ ਵਿਚਾਰਧਾਰਾ ਨੂੰ ਘਰ-ਘਰ ਪਹੁੰਚਾਉਣਾ ਹੈ। ਇਸ ਮਕਸਦ ਦੀ ਪੂਰਤੀ ਲਈ ਧਰਮ ਪ੍ਰਚਾਰ ਕਮੇਟੀ ਵਲੋਂ ਚੱਲਦਾ ਵਹੀਰ ਗੁਰਮਤਿ ਸਮਾਗਮ ਲਹਿਰ ਤਹਿਤ ਹਰ ਹਲਕੇ ਵਿਚ ਗੁਰਮਤਿ ਸਮਾਗਮ ਕਰਵਾਏ ਜਾਣਗੇ। ਵੱਖ-ਵੱਖ ਪਿੰਡਾਂ ਵਿਚ ਸਵੇਰ-ਸ਼ਾਮ ਦੇ ਸਮਾਗਮ ਕਰਕੇ ਇਕ ਮੁੱਖ ਸਮਾਗਮ ਕੀਤਾ ਜਾਵੇਗਾ, ਜਿਸ ਵਿਚ ਸਿੰਘ ਸਾਹਿਬਾਨ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਸੰਗਤਾਂ ਨਾਲ ਗੁਰ-ਇਤਿਹਾਸ ਦੀ ਸਾਂਝ ਪਾਉਣਗੇ। ਉਨ੍ਹਾਂ ਕਿਹਾ ਕਿ ਇਸ ਦੌਰਾਨ ਵਿਸ਼ੇਸ਼ ਤੌਰ ’ਤੇ ਅੰਮ੍ਰਿਤ ਸੰਚਾਰ ਸਮਾਗਮ ਵੀ ਕਰਵਾਏ ਜਾਣਗੇ।
 
ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਵਿਦਿਅਕ ਅਦਾਰਿਆਂ ਵਿਚ ਪੜ੍ਹਦੇ ਬੱਚਿਆਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ, ਵਜ਼ੀਫ਼ੇ ਅਤੇ ਅੰਮ੍ਰਿਤਧਾਰੀ ਪਰਿਵਾਰਾਂ ਦੇ ਬੱਚਿਆਂ ਨੂੰ ਫੀਸਾਂ ਵਿਚ ਦਿੱਤੀ ਜਾਂਦੀ ਛੋਟ ਵਰਗੇ ਉਪਰਾਲਿਆਂ ਬਾਰੇ ਵੀ ਸੰਗਤ ਨੂੰ ਜਾਣਕਾਰੀ ਦੇਣ ਦੀ ਲੋੜ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਜਥਿਆਂ ਵਲੋਂ ਪਹਿਲਾਂ ਵੀ ਧਰਮ ਪ੍ਰਚਾਰ ਕਾਰਜਾਂ ਨੂੰ ਪੂਰੀ ਜ਼ੁੰਮੇਵਾਰੀ ਅਤੇ ਤਨਦੇਹੀ ਨਾਲ ਨਿਭਾਇਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਇਸ ਲਹਿਰ ਵਿਚ ਵੀ ਸਾਰੇ ਆਪਣੀ ਬਣਦੀ ਜ਼ੁੰਮੇਵਾਰੀ ਬਾਖ਼ੂਬੀ ਨਿਭਾਉਣਗੇ।
 
ਇਸ ਦੌਰਾਨ ਅੰਤ੍ਰਿੰਗ ਕਮੇਟੀ ਦੇ ਮੈਂਬਰ ਬੀਬੀ ਹਰਜਿੰਦਰ ਕੌਰ, ਸਕੱਤਰ  ਬਲਵਿੰਦਰ ਸਿੰਘ ਕਾਹਲਵਾਂ, ਸੁਖਮਿੰਦਰ ਸਿੰਘ ਤੇ ਵਧੀਕ ਸਕੱਤਰ ਭਗਵੰਤ ਸਿੰਘ ਧੰਗੇੜਾ ਨੇ ਵੀ ਸੰਬੋਧਨ ਕਰਦਿਆਂ ਪ੍ਰਚਾਰਕ ਸਿੰਘਾਂ ਨੂੰ ਗੁਰਮਤਿ ਪ੍ਰਚਾਰ ਦੇ ਨਾਲ-ਨਾਲ ਸਿੱਖ ਸੰਸਥਾ ਦੀਆਂ ਪ੍ਰਾਪਤੀਆਂ ਨੂੰ ਸੰਗਤ ਨਾਲ ਸਾਂਝੇ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਬੀਬੀ ਹਰਜਿੰਦਰ ਕੌਰ, ਮੈਂਬਰ ਸ. ਹਰਭਜਨ ਸਿੰਘ ਮਸਾਣਾ, ਓਐਸਡੀ ਸ. ਸਤਬੀਰ ਸਿੰਘ, ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ, ਇੰਜੀ: ਸੁਖਮਿੰਦਰ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਵਧੀਕ ਸਕੱਤਰ ਸ. ਭਗਵੰਤ ਸਿੰਘ ਧੰਗੇੜਾ, ਸ. ਬਿਜੈ ਸਿੰਘ, ਮੀਤ ਸਕੱਤਰ ਸ. ਸੁਖਬੀਰ ਸਿੰਘ, ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ, ਇੰਚਾਰਜ ਡਾ. ਰਾਜਵਿੰਦਰ ਸਿੰਘ ਜੋਗਾ, ਹੈੱਡ ਪ੍ਰਚਾਰਕ ਭਾਈ ਜਗਦੇਵ ਸਿੰਘ, ਸ. ਗੁਰਮੀਤ ਸਿੰਘ ਸੈਣੀ, ਸਿੱਖ ਮਿਸ਼ਨ ਦੇ ਇੰਚਾਰਜ ਸ. ਸੁਖਵਿੰਦਰ ਸਿੰਘ, ਸ. ਜਸਬੀਰ ਸਿੰਘ ਲੌਂਗੋਵਾਲ, ਸ. ਹਰਭਿੰਦਰ ਸਿੰਘ, ਸ. ਅਜੀਤ ਸਿੰਘ ਸਮੇਤ ਪ੍ਰਚਾਰਕ, ਢਾਡੀ ਤੇ ਕਵੀਸ਼ਰ ਜਥੇ ਹਾਜ਼ਰ ਸਨ।
 
ਕੀਨੀਆ ’ਚ ਹੋਏ ਅੰਤਰਟਰਾਸ਼ਟਰੀ ਮਹਿਲਾ ਅਧਿਆਤਮਿਕ ਸੇਵਾ ਸੰਮੇਲਨ ’ਚ ਸ਼੍ਰੋਮਣੀ ਕਮੇਟੀ ਦੇ ਵਿਦਿਅਕ ਅਦਾਰਿਆਂ ਤੋਂ ਭਾਗ ਲੈਣ ਵਾਲੀਆਂ ਬੱਚੀਆਂ ਨੂੰ ਕੀਤਾ ਗਿਆ ਸਨਮਾਨਿਤ
 
ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੀਆਂ ਵਿਦਿਅਕ ਸੰਸਥਾਵਾਂ ਵਿਚ ਪੜ੍ਹਨ ਵਾਲੀਆਂ 10 ਬੱਚੀਆਂ, ਜਿਨ੍ਹਾਂ ਨੇ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਰਮਿੰਘਮ ਵਲੋਂ ਕੀਨੀਆ ਵਿਖੇ ਕਰਵਾਏ ਗਏ ਅੰਤਰਰਾਸ਼ਟਰੀ ਮਹਿਲਾ ਅਧਿਆਤਮਿਕ ਸੇਵਾ ਸੰਮੇਲਨ ਵਿਚ ਭਾਗ ਲਿਆ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਨਮਾਨਿਤ ਕੀਤਾ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਦੇ ਵਿਦਿਅਕ ਅਦਾਰਿਆਂ ਦੇ ਵਿਦਿਆਰਥੀਆਂ ਵਿਚੋਂ ਇਨ੍ਹਾਂ 10 ਬੱਚੀਆਂ ਦੀ ਚੋਣ ਕੀਤੀ ਗਈ ਸੀ, ਜਿਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਬੀਬੀ ਹਰਜਿੰਦਰ ਕੌਰ ਦੀ ਅਗਵਾਈ ਹੇਠ ਉਕਤ ਸਮਾਗਮ ਵਿਚ ਸ਼ਮੂਲੀਅਤ ਕੀਤੀ ਸੀ।
 
ਸਿੱਖ ਬੱਚੀਆਂ ਨੂੰ ਇੰਟਰਫੇਥ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਗੁਰਮਤਿ ਜੀਵਨ ਜਾਂਚ ਤੋਂ ਇਲਾਵਾ ਵਿਸ਼ਵ ਪੱਧਰ ਦੀਆਂ ਸਿੱਖ ਸ਼ਖ਼ਸੀਅਤਾਂ ਨਾਲ ਵਿਚਾਰਾਂ ਦੀ ਸਾਂਝ ਪਾਉਣ ਲਈ ਗੁਰਮਤਿ ਅਨੁਸਾਰੀ ਵਾਤਾਵਰਣ ਸਿਰਜਣ ਦਾ ਯਤਨ ਕੀਤਾ। ਬੱਚੀਆਂ ਦੇ ਸਨਮਾਨ ਮੌਕੇ ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੀਆਂ ਵਿਦਿਅਕ ਸੰਸਥਾਵਾਂ ਦਾ ਮਕਸਦ ਵਿਦਿਆ ਵਿਚ ਨਿਪੁੰਨ ਕਰਨ ਦੇ ਨਾਲ-ਨਾਲ ਬੱਚਿਆਂ ਨੂੰ ਗੁਰਮਤਿ ਅਨੁਸਾਰ ਜੀਵਨ ਜਾਂਚ ਸਿਖਾਉਣੀ ਵੀ ਹੈ। ਉਨ੍ਹਾਂ ਕਿਹਾ ਕਿ ਬੱਚੀਆਂ ਵਲੋਂ ਕੀਨੀਆ ਵਿਖੇ ਗੁਰਮਤਿ ਸਮਾਗਮ ਵਿਚ ਸ਼ਮੂਲੀਅਤ ਕਰਕੇ ਸੰਸਥਾ ਦਾ ਮਾਣ ਵਧਾਇਆ ਹੈ।
ਪਿਛਲੀ ਖ਼ਬਰ ਕੈਬਨਿਟ ਮੰਤਰੀ ਖੁੱਡੀਆਂ ਨੇ 74.24 ਲੱਖ ਰੁਪਏ ਦੀ ਲਾਗਤ ਨਾਲ ਉਸਾਰੇ ਗਏ ਖੇਡ ਮੈਦਾਨ ਪਿੰਡ ਵਾਸੀਆਂ ਨੂੰ ਕੀਤੇ ਸਮਰਪਿਤ ਅਗਲੀ ਖ਼ਬਰ ਕਿਸਾਨਾਂ ਦੀ ਲੁੱਟ ਵਿਰੁੱਧ 14 ਅਕਤੂਬਰ ਨੂੰ ਮਾਰਕੀਟ ਕਮੇਟੀ ਦਫ਼ਤਰਾਂ ’ਤੇ ਤਾਲਾਬੰਦੀ ਕਰਨਗੇ ਕਿਸਾਨ