ਭੁਲੱਥ (ਕਪੂਰਥਲਾ), 11 ਅਕਤੂਬਰ (ਮਨਜੀਤ ਸਿੰਘ ਰਤਨ)- ਬੇਮੌਸਮੀ ਬਰਸਾਤ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਮੰਡੀਆਂ ਵਿਚ ਵਿਕਰੀ ਲਈ ਲਿਆਂਦੇ ਝੋਨੇ ਦੀਆਂ ਢੇਰੀਆਂ ਅਤੇ ਭਰੀਆਂ ਹੋਈਆਂ ਬੋਰੀਆਂ ਮੀਂਹ ਦੇ ਪਾਣੀ ਨਾਲ ਭਿੱਜਦੀਆਂ ਦੇਖੀਆਂ ਗਈਆਂ। ਮੀਂਹ ਕਾਰਨ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫ਼ਸਲ ਦੇ ਖ਼ਰਾਬ ਹੋਣ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ।
ਮੰਡੀਆਂ ਵਿਚ ਪਹਿਲਾਂ ਹੀ ਝੋਨੇ ਦੀਆਂ ਢੇਰੀਆਂ ਅਤੇ ਬੋਰੀਆਂ ਪਈਆਂ ਹੋਣ ਕਾਰਨ ਕਿਸਾਨਾਂ ਨੂੰ ਆਪਣੀ ਫ਼ਸਲ ਦੀ ਸੰਭਾਲ ਦੀ ਚਿੰਤਾ ਸਤਾਉਣ ਲੱਗੀ ਹੈ। ਬੇਮੌਸਮੀ ਬਰਸਾਤ ਨੇ ਕਿਸਾਨਾਂ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ ਹੈ। ਕਿਸਾਨਾਂ ਨੂੰ ਡਰ ਹੈ ਕਿ ਜੇਕਰ ਮੌਸਮ ਇਸੇ ਤਰ੍ਹਾਂ ਖ਼ਰਾਬ ਰਿਹਾ ਤਾਂ ਫ਼ਸਲ ਦੀ ਗੁਣਵੱਤਾ ਪ੍ਰਭਾਵਿਤ ਹੋ ਸਕਦੀ ਹੈ ਅਤੇ ਉਨ੍ਹਾਂ ਨੂੰ ਆਰਥਿਕ ਨੁਕਸਾਨ ਝੱਲਣਾ ਪੈ ਸਕਦਾ ਹੈ।