ਚੋਗਾਵਾਂ/ ਅੰਮ੍ਰਿਤਸਰ, 13 ਅਕਤੂਬਰ (ਗੁਰਵਿੰਦਰ ਸਿੰਘ ਕਲਸੀ)- ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼ ਦੇ ਸੂਬਾ ਪ੍ਰਧਾਨ ਸਰਦਾਰ ਪਲਵਿੰਦਰ ਸਿੰਘ ਮਾਹਲ ਦੀ ਯੋਗ ਅਗਵਾਈ ਹੇਠ ਅੱਜ ਪਿੰਡ ਚੱਕ ਮਿਸ਼ਰੀ ਖਾਂ ਵਿਖੇ ਕਿਸਾਨਾਂ ਵਲੋਂ ਇਕੱਠ ਕਰਕੇ ਪੁਤਲਾ ਫੂਕਿਆ ਗਿਆ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਪ੍ਰਦਰਸ਼ਨ ਦੀ ਪ੍ਰਧਾਨਗੀ ਪਿੰਡ ਇਕਾਈ ਦੇ ਪ੍ਰਧਾਨ ਬਲਵਿੰਦਰ ਸਿੰਘ ਨੇ ਕੀਤੀ।
ਇਸ ਰੋਸ ਪ੍ਰਦਰਸ਼ਨ ਦੌਰਾਨ ਇਕੱਠੇ ਹੋਏ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਇਕਾਈ ਪ੍ਰਧਾਨ ਬਲਵਿੰਦਰ ਸਿੰਘ ਨੇ ਪੰਜਾਬ ਸਰਕਾਰ 'ਤੇ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਕਿਸਾਨਾਂ ਨਾਲ ਕੀਤੇ ਗਏ ਆਪਣੇ ਵਾਅਦਿਆਂ ਤੋਂ ਪੂਰੀ ਤਰ੍ਹਾਂ ਮੁਕਰ ਚੁੱਕੀ ਹੈ, ਜਿਸ ਕਾਰਨ ਅੱਜ ਸੂਬੇ ਦਾ ਅੰਨਦਾਤਾ ਸੜਕਾਂ 'ਤੇ ਉਤਰਨ ਲਈ ਮਜ਼ਬੂਰ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੰਡੀਆਂ ਵਿਚ ਫ਼ਸਲਾਂ ਦੀ ਖ਼ਰੀਦ ਅਤੇ ਚੁਕਾਈ ਦੇ ਯੋਗ ਪ੍ਰਬੰਧ ਨਾ ਹੋਣ ਕਾਰਨ ਕਿਸਾਨਾਂ ਨੂੰ ਭਾਰੀ ਖ਼ੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਖ਼ਰਾਬ ਹੋਈਆਂ ਫ਼ਸਲਾਂ ਦਾ ਮੁਆਵਜ਼ਾ ਦੇਣ ਵਿਚ ਵੀ ਸਰਕਾਰ ਲਗਾਤਾਰ ਟਾਲ-ਮਟੋਲ ਕਰ ਰਹੀ ਹੈ।
ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ, ਜੇਕਰ ਪੰਜਾਬ ਸਰਕਾਰ ਨੇ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਤੁਰੰਤ ਪ੍ਰਵਾਨ ਨਾ ਕੀਤਾ, ਤਾਂ ਇਹ ਰੋਸ ਪ੍ਰਦਰਸ਼ਨ ਆਉਣ ਵਾਲੇ ਦਿਨਾਂ ਵਿਚ ਹੋਰ ਤਿੱਖਾ ਰੂਪ ਅਖਤਿਆਰ ਕਰੇਗਾ। ਇਸ ਮੌਕੇ ਓਂਕਾਰ ਸਿੰਘ, ਹੀਰਾ ਸਿੰਘ, ਸ਼ਮਸ਼ੇਰ ਸਿੰਘ, ਨਿਰਵੈਲ ਸਿੰਘ, ਗੁਰਦੇਵ ਸਿੰਘ, ਸੁਖਦੇਵ ਸਿੰਘ, ਗੁੱਗੂ ਚੱਕ ਮਿਸਰੀ ਖਾਂ, ਗੁਰਜੀਤ ਸਿੰਘ, ਅੰਗਰੇਜ ਸਿੰਘ ਆਦਿ ਹਾਜ਼ਿਰ ਸਨ।