ਰਿਸ਼ਵਤਖੋਰੀ, ਨਸ਼ਾ ਤਸਕਰੀ ਤੇ ਹੋਰ ਹਾਈ ਪ੍ਰੋਫਾਈਲ ਮਾਮਲਿਆਂ ’ਚ ਪੁੱਛਗਿੱਛ ਲਈ ਬੁਲਾਏ ਜਾਣ ਦੀ ਸੂਚਨਾ
ਚੰਡੀਗੜ੍ਹ, 14 ਅਕਤੂਬਰ (ਸੰਦੀਪ ਕੁਮਾਰ ਮਾਹਨਾ) -ਪੰਜਾਬ ਵਿਚ 50 ਤੋਂ ਵੱਧ ਸੀਨੀਅਰ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀਆਂ ਨੂੰ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਵਲੋਂ ਵੱਖ-ਵੱਖ ਮਾਮਲਿਆਂ ਵਿੱਚ ਪੁੱਛਗਿੱਛ ਲਈ ਤਲਬ ਕੀਤੇ ਜਾਣ ਦੀ ਸੂਚਨਾ ਸਾਹਮਣੇ ਆਈ ਹੈ। ਸੂਤਰਾਂ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਅਨੁਸਾਰ, ਇਨ੍ਹਾਂ ਅਧਿਕਾਰੀਆਂ 'ਚ ਆਈ.ਏ.ਐਸ., ਪੀ.ਪੀ.ਐਸ. ਅਤੇ ਪੀ.ਸੀ.ਐਸ. ਅਧਿਕਾਰੀ ਸ਼ਾਮਲ ਦੱਸੇ ਜਾ ਰਹੇ ਹਨ। ਇਨ੍ਹਾਂ ਮਾਮਲਿਆਂ ਵਿਚ ਕਥਿਤ ਰਿਸ਼ਵਤਖੋਰੀ, ਨਸ਼ਾ ਤਸਕਰੀ ਅਤੇ ਹੋਰ ਅਹਿਮ ਮਾਮਲੇ ਸ਼ਾਮਲ ਹੋਣ ਦੀ ਗੱਲ ਕਹੀ ਜਾ ਰਹੀ ਹੈ।
ਹਾਲਾਂਕਿ, ਇਸ ਸਬੰਧੀ ਸੀ.ਬੀ.ਆਈ. ਵਲੋਂ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ। ਸੂਤਰਾਂ ਅਨੁਸਾਰ, ਸੀ.ਬੀ.ਆਈ. ਦੇ ਚੰਡੀਗੜ੍ਹ ਸਥਿਤ ਦਫ਼ਤਰ ਵਲੋਂ ਪੰਜਾਬ ਦੇ ਕਈ ਸੀਨੀਅਰ ਅਧਿਕਾਰੀਆਂ ਨੂੰ ਵੱਖ-ਵੱਖ ਮਾਮਲਿਆਂ ਦੇ ਸਬੰਧ ਵਿਚ ਪੁੱਛਗਿੱਛ ਲਈ ਬੁਲਾਏ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਘਟਨਾਕ੍ਰਮ ਨੂੰ ਲੈ ਕੇ ਪ੍ਰਸ਼ਾਸਨਿਕ ਅਤੇ ਪੁਲਿਸ ਹਲਕਿਆਂ ਵਿਚ ਚਰਚਾ ਦਾ ਮਾਹੌਲ ਹੈ। ਜੇਕਰ ਸੂਤਰਾਂ ਤੋਂ ਮਿਲੀ ਇਹ ਜਾਣਕਾਰੀ ਸਹੀ ਸਾਬਤ ਹੁੰਦੀ ਹੈ ਤਾਂ ਵੱਖ-ਵੱਖ ਮਾਮਲਿਆਂ ਦੀ ਜਾਂਚ ਦੇ ਸਬੰਧ 'ਚ ਕਈ ਸੀਨੀਅਰ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ ਜਾ ਸਕਦੀ ਹੈ। ਫਿਲਹਾਲ, ਤਲਬ ਕੀਤੇ ਗਏ ਅਧਿਕਾਰੀਆਂ ਦੀ ਗਿਣਤੀ, ਉਨ੍ਹਾਂ ਦੇ ਨਾਵਾਂ ਅਤੇ ਪੁੱਛਗਿੱਛ ਲਈ ਨਿਰਧਾਰਤ ਸਮੇਂ ਬਾਰੇ ਕੋਈ ਅਧਿਕਾਰਤ ਜਾਣਕਾਰੀ ਉਪਲਬਧ ਨਹੀਂ ਹੈ।
ਸੀ.ਬੀ.ਆਈ. ਦੀ ਪੁਸ਼ਟੀ ਦੀ ਉਡੀਕ
ਜ਼ਿਕਰਯੋਗ ਹੈ ਕਿ ਅਧਿਕਾਰੀਆਂ ਨੂੰ ਤਲਬ ਕੀਤੇ ਜਾਣ ਸਬੰਧੀ ਇਹ ਜਾਣਕਾਰੀ ਫਿਲਹਾਲ ਸੂਤਰਾਂ ਦੇ ਹਵਾਲੇ ਨਾਲ ਹੀ ਸਾਹਮਣੇ ਆਈ ਹੈ। ਸੀ.ਬੀ.ਆਈ. ਵਲੋਂ ਇਸ ਸਬੰਧੀ ਕੋਈ ਅਧਿਕਾਰਤ ਬਿਆਨ ਜਾਂ ਨੋਟਿਸ ਜਾਰੀ ਕੀਤੇ ਜਾਣ ਦੀ ਪੁਸ਼ਟੀ ਨਹੀਂ ਹੋਈ। ਇਸ ਲਈ ਮਾਮਲੇ ਦੀ ਅਸਲ ਸਥਿਤੀ ਅਤੇ ਜਾਂਚ ਨਾਲ ਜੁੜੇ ਵੇਰਵਿਆਂ ਬਾਰੇ ਸਥਿਤੀ ਸਪੱਸ਼ਟ ਹੋਣੀ ਅਜੇ ਬਾਕੀ ਹੈ।