ਫਾਜ਼ਿਲਕਾ, (ਬਲਜੀਤ ਸਿੰਘ)- ਪਰਮਿੰਦਰ ਸਿੰਘ ਝੋਟੇ ਦੇ ਕਤਲ ਮਾਮਲੇ ਨੂੰ ਲੈ ਕੇ 15 ਅਕਤੂਬਰ ਨੂੰ ਦਿੱਤੀ ਗਈ ਪੰਜਾਬ ਬੰਦ ਦੀ ਕਾਲ ਦੇ ਤਹਿਤ ਫਾਜ਼ਿਲਕਾ ਵਿੱਚ ਬੰਦ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਸ਼ਹਿਰ ਦੇ ਬਾਜ਼ਾਰ ਮੁਕੰਮਲ ਤੌਰ ’ਤੇ ਬੰਦ ਹਨ। ਉੱਧਰ, ਵੱਖ-ਵੱਖ ਜਥੇਬੰਦੀਆਂ ਵੱਲੋਂ ਨੈਸ਼ਨਲ ਹਾਈਵੇ ’ਤੇ ਧਰਨਾ ਲਗਾ ਕੇ ਆਵਾਜਾਈ ਠੱਪ ਕੀਤੀ ਗਈ ਹੈ। ਜਾਣਕਾਰੀ ਅਨੁਸਾਰ, ਸਵੇਰੇ ਵੀ ਕੁਝ ਜਥੇਬੰਦੀਆਂ ਵੱਲੋਂ ਨੈਸ਼ਨਲ ਹਾਈਵੇ ’ਤੇ ਧਰਨਾ ਦਿੱਤਾ ਗਿਆ ਸੀ, ਜਿਸ ਦੌਰਾਨ ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਇਸ ਤੋਂ ਬਾਅਦ ਸਟੂਡੈਂਟ ਯੂਨੀਅਨ ਦੇ ਵਿਦਿਆਰਥੀਆਂ ਅਤੇ ਹੋਰ ਜਥੇਬੰਦੀਆਂ ਦੇ ਕਾਰਕੁਨਾਂ ਵੱਲੋਂ ਮੁੜ ਇਕੱਠੇ ਹੋ ਕੇ ਨੈਸ਼ਨਲ ਹਾਈਵੇ ’ਤੇ ਧਰਨਾ ਸ਼ੁਰੂ ਕਰ ਦਿੱਤਾ ਗਿਆ।
ਧਰਨੇ ਵਿੱਚ ਵੱਡੀ ਗਿਣਤੀ ਵਿੱਚ ਸਟੂਡੈਂਟ ਯੂਨੀਅਨ ਦੇ ਵਿਦਿਆਰਥੀ ਅਤੇ ਵੱਖ-ਵੱਖ ਜਥੇਬੰਦੀਆਂ ਦੇ ਮੈਂਬਰ ਸ਼ਾਮਲ ਹਨ। ਸਥਿਤੀ ਨੂੰ ਦੇਖਦੇ ਹੋਏ ਫਾਜ਼ਿਲਕਾ ਪੁਲਿਸ ਵੱਲੋਂ ਵੀ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਅਨੁਸਾਰ ਧਰਨਾ ਦੁਪਹਿਰ ਇੱਕ ਵਜੇ ਤੱਕ ਜਾਰੀ ਰਹੇਗਾ। ਸਟੂਡੈਂਟ ਯੂਨੀਅਨ ਦੇ ਆਗੂ ਧੀਰਜ ਸੂਬਾ ਜਨਰਲ ਸਕੱਤਰ ਸਟੂਡੈਂਟ ਯੂਨੀਅਨ ਪੰਜਾਬ, ਮਮਤਾ ਲਾਧੂਕਾ ਜਿਲਾ ਜਨਰਲ ਸਕੱਤਰ, ਸਟੂਡੈਂਟ ਯੂਨੀਅਨ ਰਾਜਨ ਨੌਜਵਾਨ ਭਾਰਤ ਸਭਾ, ਕਮਲਜੀਤ ਅਤੇ ਕਿਸਾਨ ਆਗੂ ਧੀਰਾ ਬਰਾੜ, ਹਰੀਸ਼ ਨੱਢਾ, ਲਖਵੀਰ ਬਰਾੜ ਆਦੀ ਵੱਡੀ ਗਿਣਤੀ ਵਿੱਚ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ।