ਅਹਿਮਦਾਬਾਦ, 17 ਅਕਤੂਬਰ- ਗੁਜਰਾਤ ਦੇ ਭਰੂਚ ਵਿਚ ਇਕ ਫਾਰਮਾਸਿਊਟੀਕਲ ਫੈਕਟਰੀ ਵਿਚ ਹੋਏ ਰਿਐਕਟਰ ਧਮਾਕੇ ਵਿਚ ਪੰਜ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਛੇ ਹੋਰ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਤੁਰੰਤ ਨੇੜਲੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਧਮਾਕਾ ਇੰਨਾ ਸ਼ਕਤੀਸ਼ਾਲੀ ਸੀ ਕਿ ਮਿਥਾਈਲ ਡਾਈਕਲੋਰਾਈਡ ਨਾਮਕ ਜ਼ਹਿਰੀਲੀ ਗੈਸ ਫੈਕਟਰੀ ਵਿਚ ਲੀਕ ਹੋਣ ਲੱਗੀ, ਜਿਸ ਨਾਲ ਅਫ਼ਰਾ ਤਫ਼ਰੀ ਮੱਚ ਗਈ।
ਹਾਦਸੇ ਦੀ ਖ਼ਬਰ ਮਿਲਦੇ ਹੀ ਪ੍ਰਸ਼ਾਸਨ ਅਤੇ ਪੁਲਿਸ ਟੀਮਾਂ ਮੌਕੇ 'ਤੇ ਪਹੁੰਚ ਗਈਆਂ। ਧਮਾਕੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਰਿਪੋਰਟਾਂ ਅਨੁਸਾਰ ਹਾਦਸੇ ਦੇ ਸਮੇਂ 15,000 ਲੀਟਰ ਦੇ ਰਿਐਕਟਰ 'ਤੇ ਕੰਮ ਚੱਲ ਰਿਹਾ ਸੀ। ਅਚਾਨਕ ਇਕ ਵੱਡਾ ਧਮਾਕਾ ਹੋਇਆ। ਧਮਾਕਾ ਇੰਨਾ ਸ਼ਕਤੀਸ਼ਾਲੀ ਸੀ ਕਿ ਰਿਐਕਟਰ ਦੇ ਟੁਕੜੇ ਫੈਕਟਰੀ ਦੀਆਂ ਕੰਧਾਂ ਦੇ ਬਾਹਰ ਉੱਡ ਗਏ।
ਧਮਾਕੇ ਦੀ ਆਵਾਜ਼ 15 ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ ਗਈ। ਧਮਾਕੇ ਦੇ ਪ੍ਰਭਾਵ ਨਾਲ ਫੈਕਟਰੀ ਦੇ ਅੰਦਰ ਭਾਰੀ ਮਸ਼ੀਨਰੀ ਅਤੇ ਲੋਹੇ ਦੀਆਂ ਚਾਦਰਾਂ ਨੂੰ ਵੀ ਨੁਕਸਾਨ ਪਹੁੰਚਿਆ। ਟੁੱਟੇ ਹੋਏ ਉਪਕਰਣ ਅਤੇ ਮਲਬਾ ਪੂਰੇ ਅਹਾਤੇ ਵਿਚ ਖਿੰਡੇ ਹੋਏ ਸਨ।