ਖਨੌਰੀ (ਸੰਗਰੂਰ), 17 ਅਕਤੂਬਰ (ਬਲਵਿੰਦਰ ਸਿੰਘ ਥਿੰਦ)- ਨਗਰ ਪੰਚਾਇਤ ਖਨੌਰੀ ਵਲੋਂ ਸ਼ਹਿਰ ਵਿਚ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਕਾਰਵਾਈ ਕਰਦਿਆਂ ਟਰੱਕ ਮਾਰਕੀਟ ਦੀ ਸਰਵਿਸ ਰੋਡ, ਪੁਲ ਹੇਠਾਂ ਅਤੇ ਨਰਵਾਣਾ ਰੋਡ ਤੋਂ ਰੇਹੜੀਆਂ ਹਟਾਈਆਂ ਗਈਆਂ। ਇਸ ਦੌਰਾਨ ਸਫ਼ਾਈ ਮੁਹਿੰਮ ਵੀ ਚਲਾਈ ਗਈ।
ਨਗਰ ਪੰਚਾਇਤ ਦੇ ਕਾਰਜ ਸਾਧਕ ਅਫ਼ਸਰ ਬਰਜਿੰਦਰ ਸਿੰਘ ਨੇ ਦੱਸਿਆ ਕਿ ਸਰਵਿਸ ਰੋਡਾਂ ਅਤੇ ਸੜਕਾਂ ਦੇ ਕਿਨਾਰਿਆਂ ’ਤੇ ਨਾਜਾਇਜ਼ ਕਬਜ਼ਿਆਂ ਕਾਰਨ ਆਵਾਜਾਈ ਵਿਚ ਵਿਘਨ ਪੈਂਦਾ ਹੈ। ਸ਼ਹਿਰ ਦੀ ਸਫ਼ਾਈ ਬਿਹਤਰ ਬਣਾਉਣ ਦੇ ਨਾਲ-ਨਾਲ ਡੇਂਗੂ ਅਤੇ ਹੋਰ ਬਿਮਾਰੀਆਂ ਦੀ ਰੋਕਥਾਮ ਲਈ ਲੋੜ ਅਨੁਸਾਰ ਦਵਾਈਆਂ ਦਾ ਛਿੜਕਾਅ ਵੀ ਕੀਤਾ ਜਾਵੇਗਾ।
ਨਗਰ ਪੰਚਾਇਤ ਦੀ ਪ੍ਰਧਾਨ ਰੀਤੂ ਰਾਣੀ ਅਤੇ ਸੀਨੀਅਰ ਵਾਈਸ ਪ੍ਰਧਾਨ ਸ਼ੀਨੂੰ ਗਰਗ ਨੇ ਲੋਕਾਂ ਨੂੰ ਆਪਣੇ ਆਲੇ-ਦੁਆਲੇ ਸਫ਼ਾਈ ਰੱਖਣ ਅਤੇ ਕੂੜਾ ਖੁੱਲ੍ਹੀਆਂ ਥਾਵਾਂ ’ਤੇ ਨਾ ਸੁੱਟਣ ਦੀ ਅਪੀਲ ਕੀਤੀ। ਉਨ੍ਹਾਂ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਲਈ ਲੋਕਾਂ ਤੋਂ ਸਹਿਯੋਗ ਮੰਗਿਆ।
ਇਸ ਮੌਕੇ ‘ਆਪ’ ਦੇ ਬਲਾਕ ਪ੍ਰਧਾਨ ਵਿਸ਼ਾਲ ਕਾਂਸਲ, ਬਜਿੰਦਰ ਕੁਮਾਰ, ਕੌਂਸਲਰ ਬਲਵਿੰਦਰ ਸਿੰਘ ਅਤੇ ਨਗਰ ਪੰਚਾਇਤ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।