ਨਵੀਂ ਦਿੱਲੀ, 20 ਅਕਤੂਬਰ (ਪੀ. ਟੀ. ਆਈ.)-ਉੱਤਰਾਖੰਡ ਵਿਚ ਇਕ ਸੱਭਿਆਚਾਰਕ ਸਮਾਗਮ ਦੌਰਾਨ ਮਸ਼ਹੂਰ ਪੰਜਾਬੀ ਗਾਇਕ ਦਲੇਰ ਮਹਿੰਦੀ ਦੀ ਪੇਸ਼ਕਾਰੀ ਦੌਰਾਨ ਹੋਏ ਵੱਡੇ ਵਿਵਾਦ ਤੋਂ ਬਾਅਦ ਗਾਇਕ ਮੀਕਾ ਸਿੰਘ, ਕਪਿਲ ਸ਼ਰਮਾ, ਗਾਇਕ ਬਾਦਸ਼ਾਹ, ਗਾਇਕਾ ਹਰਸ਼ਦੀਪ ਕੌਰ ਸਮੇਤ ਹੋਰ ਕਲਾਕਾਰ ਗਾਇਕ ਦੇ ਸਮਰਥਨ ਵਿਚ ਅੱਗੇ ਆਏ ਹਨ। ਦਲੇਰ ਮਹਿੰਦੀ ਐਤਵਾਰ ਰਾਤ ਨੂੰ ਜਦੋਂ ਉੱਤਰਾਖੰਡ ਦੇ ਨਵੀਂ ਟਿਹਰੀ ਵਿਚ ਇਤਿਹਾਸਕ ‘ਸਿੱਧਪੀਠ ਮਾਂ ਕੁੰਜਾਪੁਰੀ ਸੈਰ-ਸਪਾਟਾ ਅਤੇ ਵਿਕਾਸ ਮੇਲੇ’ ਵਿਚ ਪੇਸ਼ਕਾਰੀ ਦੇ ਰਹੇ ਸਨ ਤਾਂ ਕੈਬਨਿਟ ਮੰਤਰੀ ਅਤੇ ਨਰਿੰਦਰ ਨਗਰ ਤੋਂ ਵਿਧਾਇਕ ਸੁਬੋਧ ਉਨਿਆਲ ਨੇ ਗਾਇਕ ਦੀ ਪੇਸ਼ਕਾਰੀ ‘ਤੇ ਨਾਰਾਜ਼ਗੀ ਜਤਾਉਂਦਿਆਂ ਸ਼ਰਾਬ ਪੀਣ ਦੇ ਦੋਸ਼ ਲਗਾਏ ਸ। ਦਲੇਰ ਮਹਿੰਦੀ ਦੇ ਭਰਾ ਅਤੇ ਗਾਇਕ ਮੀਕਾ ਸਿੰਘ ਨੇ ਸੀਨੀਅਰ ਅਤੇ ਸਤਿਕਾਰਤ ਕਲਾਕਾਰ ਨੂੰ ਜਨਤਕ ਤੌਰ ‘ਤੇ ਜ਼ਲੀਲ ਕਰਨ ਦੀ ਆਲੋਚਨਾ ਕੀਤੀ ਹੈ।
ਇੰਸਟਾਗ੍ਰਾਮ ‘ਤੇ ਪਾਈ ਇਕ ਵੀਡੀਓ ਵਿਚ ਮੀਕਾ ਨੇ ਕਿਹਾ ਕਿ ਜੇਕਰ ਕੋਈ ਇਹ ਸਾਬਤ ਕਰ ਦੇਵੇ ਕਿ 59 ਸਾਲਾ ਦਲੇਰ ਮਹਿੰਦੀ ਨੇ ਕਦੇ ਸ਼ਰਾਬ ਪੀਤੀ ਹੈ ਤਾਂ ਉਹ ਗਾਉਣਾ ਛੱਡ ਦੇਣਗੇ।ਉਨ੍ਹਾਂ ਕਿਹਾ ਕਿ ਅਸੀਂ ਕਲਾਕਾਰ ਕਈ ਵਾਰ ਕਿਸੇ ਦੇ ਕਹਿਣ ‘ਤੇ ਹਾਂ ਕਰ ਦਿੰਦੇ ਹਾਂ ਕਿ ਅਸੀਂ ਸ਼ੋਅ ਕਰਾਂਗੇ। ਭਾਵੇਂ ਸਾਨੂੰ 104 ਡਿਗਰੀ ਬੁਖਾਰ ਹੀ ਕਿਉਂ ਆ ਹੋਵੇ। ਕਾਮੇਡੀਅਨ ਕਪਿਲ ਸ਼ਰਮਾ ਨੇ ਇੰਸਟਾਗ੍ਰਾਮ ‘ਤੇ ਮੀਕਾ ਦੀ ਪੋਸਟ ਸਾਂਝੀ ਕੀਤੀ ਅਤੇ ਦੱਸਿਆ ਕਿ ਹਾਲ ਹੀ ਵਿਚ ਮਹਿੰਦੀ ਦੀ ਇਕ ਗੰਭੀਰ ਸਰਜਰੀ ਹੋਈ ਹੈ। ਗਾਇਕ ਬਾਦਸ਼ਾਹ ਨੇ ਕਿਹਾ ਕਿ ਕਿਸੇ ਕਲਾਕਾਰ ਨੂੰ ਜਨਤਕ ਤੌਰ ’ਤੇ ਜ਼ਲੀਲ ਕਰਨਾ ਬਹੁਤ ਹੀ ਦੁਖਦਾਈ ਗੱਲ ਹੈ।
ਉਨ੍ਹਾਂ ਕਿਹਾ ਕਿ ਦਿੱਗਜ ਕਲਾਕਾਰ ਸਨਮਾਨ ਦੇ ਹੱਕਦਾਰ ਹੁੰਦੇ ਹਨ, ਖਾਸ ਕਰਕੇ ਉਦੋਂ ਜਦੋਂ ਉਹ ਕਮਜ਼ੋਰ ਸਿਹਤ ਵਾਲੀ ਸਥਿਤੀ ਵਿਚ ਹੋਣ। ਹਮੇਸ਼ਾ ਸਤਿਕਾਰ ਬਣਿਆ ਰਹਿਣਾ ਚਾਹੀਦਾ ਹੈ।ਹਰਸ਼ਦੀਪ ਕੌਰ ਨੇ ਵੀ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਇਹ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਦਲੇਰ ਮਹਿੰਦੀ ਇਕ ਦਿੱਗਜ ਹਨ। ਅਜਿਹਾ ਲੱਗਦਾ ਹੈ ਕਿ ਉਸ ਦਿਨ ਉਨ੍ਹਾਂ ਦੀ ਸਿਹਤ ਬਹੁਤ ਖਰਾਬ ਸੀ, ਨਹੀਂ ਤਾਂ ਜਦੋਂ ਉਹ ਸਟੇਜ ‘ਤੇ ਹੁੰਦੇ ਹਨ... ਤਾਂ ਉਹ ਸਿਰਫ਼ ਗਾਉਂਦੇ ਹੀ ਨਹੀਂ... ਸਗੋਂ ਦਹਾੜਦੇ ਹਨ।