ਚੋਗਾਵਾਂ/ਅੰਮ੍ਰਿਤਸਰ, 24 ਅਕਤੂਬਰ (ਗੁਰਵਿੰਦਰ ਸਿੰਘ ਕਲਸੀ)- ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਵਲੋਂ ਹਲਕਾ ਰਾਜਾਸਾਂਸੀ ਦੇ ਕਸਬਾ ਚੋਗਾਵਾਂ ਵਿਖੇ ਅੱਜ ਹਲਕਾ ਇੰਚਾਰਜ ਦਲਜੀਤ ਸਿੰਘ ਮਿਆਦੀਆਂ ਦੀ ਅਗਵਾਈ ਹੇਠ ਇਕ ਵਿਸ਼ਾਲ ਪੰਥਕ ਇਕੱਤਰਤਾ ਕਰਵਾਈ ਗਈ। ਇਸ ਭਰਵੇਂ ਪੰਥਕ ਇਕੱਠ ਦੌਰਾਨ ਜਥੇਬੰਦੀ ਦੇ ਨਵੇਂ ਮੁੱਖ ਦਫ਼ਤਰ ਦਾ ਰਸਮੀ ਉਦਘਾਟਨ ਕੀਤਾ ਗਿਆ।
ਇਸ ਮੌਕੇ ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਦੇ ਬਾਪੂ ਤਰਸੇਮ ਸਿੰਘ, ਐਮ.ਐਲ.ਏ. ਮਨਪ੍ਰੀਤ ਸਿੰਘ ਇਆਲੀ, ਜ਼ਿਲ੍ਹਾ ਦਿਹਾਤੀ ਪ੍ਰਧਾਨ ਜਸਕਰਨ ਸਿੰਘ ਰਿਆੜ, ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਝੰਡੇਰ, ਭਾਈ ਪਲਵਿੰਦਰ ਸਿੰਘ, ਭਾਈ ਹਰਪਾਲ ਸਿੰਘ, ਭਾਈ ਪ੍ਰਗਟ ਸਿੰਘ ਮਿਆਵਿੰਡ, ਜਗਜੋਤ ਸਿੰਘ ਖਾਲਸਾ, ਪਰਮਜੀਤ ਕੌਰ ਪ੍ਰਧਾਨ ਇਸਤਰੀ ਵਿੰਗ, ਗੁਰਵਿੰਦਰ ਕੌਰ ਜ਼ਿਲ੍ਹਾ ਮੀਤ ਪ੍ਰਧਾਨ ਅਤੇ ਜਥੇਬੰਦੀ ਦੀ ਸੀਨੀਅਰ ਲੀਡਰਸ਼ਿਪ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਈ। ਦਫ਼ਤਰ ਦੇ ਉਦਘਾਟਨ ਤੋਂ ਬਾਅਦ ਹੁਸਨ ਰਿਜ਼ੋਰਟ ਵਿਖੇ ਇਕ ਅਹਿਮ ਪੰਥਕ ਕਾਨਫਰੰਸ ਹੋਈ, ਜਿਸ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਹਾਲਾਤਾਂ ਬਾਰੇ ਬਿਆਨ ਸਾਂਝੇ ਕੀਤੇ।
ਇਸ ਮੌਕੇ ਬਾਪੂ ਤਰਸੇਮ ਸਿੰਘ ਨੇ ਆਪਣੇ ਬਿਆਨ ਵਿਚ ਕਿਹਾ, "ਅੱਜ ਪੰਜਾਬ ਦੀ ਜਵਾਨੀ ਨੂੰ ਇਕ ਡੂੰਘੀ ਸਾਜ਼ਿਸ਼ ਤਹਿਤ ਨਸ਼ਿਆਂ ਦੀ ਭਿਆਨਕ ਦਲਦਲ ਵਿਚ ਧਕੇਲਿਆ ਜਾ ਰਿਹਾ ਹੈ। ਸਾਡੀ ਜਥੇਬੰਦੀ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਇਸ ਅਲਾਮਤ ਵਿਚੋਂ ਕੱਢ ਕੇ ਗੁਰੂ ਲੜ ਲਾਉਣਾ ਅਤੇ ਆਪਣੇ ਅਮੀਰ ਸਿੱਖੀ ਵਿਰਸੇ ਨਾਲ ਜੋੜਨਾ ਹੈ।" ਉਨ੍ਹਾਂ ਸਮੂਹ ਸੰਗਤਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਭਾਈ ਅੰਮ੍ਰਿਤਪਾਲ ਸਿੰਘ ਵਲੋਂ ਵਿੱਢੀ ਗਈ ਨਸ਼ਾ-ਵਿਰੋਧੀ 'ਖਾਲਸਾ ਵਹੀਰ' ਲਹਿਰ ਦਾ ਡਟ ਕੇ ਸਾਥ ਦੇਣ ਤਾਂ ਜੋ ਪੰਜਾਬ ਦੀ ਪਵਿੱਤਰ ਧਰਤੀ ਨੂੰ ਮੁੜ ਨਸ਼ਾ-ਮੁਕਤ ਅਤੇ ਰੰਗਲਾ ਬਣਾਇਆ ਜਾ ਸਕੇ।
ਪੰਥਕ ਕਾਨਫਰੰਸ ਦੌਰਾਨ ਹਲਕਾ ਇੰਚਾਰਜ ਦਲਜੀਤ ਸਿੰਘ ਮਿਆਦੀਆਂ ਅਤੇ ਹੋਰਨਾਂ ਮੁੱਖ ਆਗੂਆਂ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਸ ਨਵੇਂ ਦਫ਼ਤਰ ਦੇ ਖੁੱਲ੍ਹਣ ਨਾਲ ਸਰਹੱਦੀ ਇਲਾਕੇ ਵਿਚ ਜਥੇਬੰਦੀ ਦੀਆਂ ਪੰਥਕ ਅਤੇ ਸਮਾਜ-ਸੁਧਾਰਕ ਸਰਗਰਮੀਆਂ ਨੂੰ ਹੋਰ ਮਜ਼ਬੂਤੀ ਮਿਲੇਗੀ। ਇਸ ਮੌਕੇ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਸੰਗਤਾਂ, ਪੰਥਦਰਦੀ ਅਤੇ ਜਥੇਬੰਦੀ ਦੇ ਸਰਗਰਮ ਆਗੂ ਹਾਜ਼ਰ ਸਨ।