ਮਾਨਸਾ, 30 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ/ਗੁਰਚੇਤ ਸਿੰਘ ਫੱਤੇਵਾਲੀਆ)- ਪਰਵਿੰਦਰ ਸਿੰਘ ਝੋਟਾ ਹੱਤਿਆ ਮਾਮਲੇ ’ਚ ਇਨਸਾਫ਼ ਲੈਣ ਲਈ ਬਣਾਈ ਐਕਸ਼ਨ ਕਮੇਟੀ ਵਲੋਂ 5 ਨਵੰਬਰ ਨੂੰ ਮੁੱਖ ਮੰਤਰੀ ਪੰਜਾਬ ਦੀ ਸੰਗਰੂਰ ਕੋਠੀ ਦਾ ਘਿਰਾਓ ਕੀਤਾ ਜਾਵੇਗਾ। ਇਹ ਫ਼ੈਸਲਾ ਕਮੇਟੀ ਵਲੋਂ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਲੰਬੀ ਮੀਟਿੰਗ ਉਪਰੰਤ ਲਿਆ ਗਿਆ।
ਮੀਟਿੰਗ ਵਿਚ ਕਿਸਾਨ, ਮਜ਼ਦੂਰ, ਮੁਲਾਜ਼ਮ, ਅਧਿਆਪਕ, ਵਿਦਿਆਰਥੀ ਅਤੇ ਹੋਰ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਿਲ ਹੋਏ। ਇਸੇ ਦੌਰਾਨ 31 ਅਕਤੂਬਰ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਘਰਾਂ ਦਾ ਘਿਰਾਓ ਕਰਨ ਦਾ ਫ਼ੈਸਲਾ ਵਾਪਸ ਲੈ ਲਿਆ ਗਿਆ। ਉਨ੍ਹਾਂ ਕਿਹਾ ਕਿ ਝੋਟਾ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੇ ਨਾਲ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਸਾਂਝੇ ਸੰਘਰਸ਼ ਦੀ ਲੋੜ ਹੈ। ਬੁਲਾਰਿਆਂ ਨੇ ਕਥਿਤ ਪੁਲਿਸ ਤਸ਼ੱਦਦ ਅਤੇ ਆਗੂਆਂ ਦੀਆਂ ਗ੍ਰਿਫ਼ਤਾਰੀਆਂ ਦੀ ਸਖ਼ਤ ਨਿਖੇਧੀ ਕਰਦਿਆਂ ਗ੍ਰਿਫ਼ਤਾਰ ਆਗੂਆਂ ਨੂੰ ਰਿਹਾਅ ਕਰਨ ਅਤੇ ਮੋਰਚੇ ਦੀਆਂ ਸਾਰੀਆਂ ਮੰਗਾਂ ਮੰਨਣ ਦੀ ਮੰਗ ਕੀਤੀ।