ਤਪਾ ਮੰਡੀ (ਬਰਨਾਲਾ), 31 ਅਕਤੂਬਰ (ਵਿਜੇ ਸ਼ਰਮਾ) ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਵਲੋਂ ਇਸਤਰੀ ਅਕਾਲੀ ਦਲ ਦੀ ਅਗਵਾਈ ਹੇਠ ਅਰੰਭੀਆਂ ਮਾਵਾਂ ਧੀਆਂ ਦੀ ਲਲਕਾਰ' ਰੈਲੀਆਂ ਦੀ ਲੜੀ ‘ਚ ਤਪਾ ਦੀ ਅਗਰਵਾਲ ਧਰਮਸ਼ਾਲਾ 'ਚ ਕੀਤੀ ਰੈਲੀ ਦੌਰਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ ਦੇ ਯਤਨਾਂ ਸਦਕਾ ਰੈਲੀ 'ਚ ਉਮੜੇ ਬੀਬੀਆਂ ਦੇ ਭਾਰੀ ਇਕੱਠ ਨੇ ਰੈਲੀ ਨੂੰ ਜਿੱਥੇ ਬੇਮਿਸਾਲ ਬਣਾ ਦਿੱਤਾ ਉੱਥੇ ਰੈਲੀ 'ਚ ਇਕੱਤਰ ਬੀਬੀਆਂ ਨੇ ਨਸ਼ਿਆਂ ਖ਼ਿਲਾਫ਼ ਲੜਾਈ ਦਾ ਪ੍ਰਣ ਵੀ ਲਿਆ। ਹਲਕਾ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਜੀ ਆਇਆਂ ਆਖਦਿਆਂ ਉਨ੍ਹਾਂ ਵਲੋਂ ਨਸ਼ਿਆਂ ਖ਼ਿਲਾਫ਼ ਬੀਬੀਆਂ ਨੂੰ ਲਾਮਬੰਦ ਕਰਨ ਲਈ ਆਰੰਭੀ ਇਸ ਮੁਹਿੰਮ ਦੀ ਸ਼ਲਾਘਾ ਕੀਤੀ। ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਬੀਬਾ ਹਰਸਿਮਰਤ ਕੌਰ ਬਾਦਲ ਨੇ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ 'ਤੇ ਰੱਜ ਕੇ ਹੱਲੇ ਬੋਲਦਿਆਂ ਕਿਹਾ ਕਿ ਮੌਜੂਦਾ ਸਰਕਾਰ ਦੇ ਪੌਣੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਨਸ਼ੇ ਨੇ ਇੰਨੇ ਪੈਰ ਪਸਾਰ ਲਏ ਹਨ ਕਿ ਅੱਜ ਮਿੱਠੀਆਂ ਗੋਲੀਆਂ ਵਾਂਗ ਨਸ਼ਾ ਗਲੀ ਗਲੀ ਵਿੱਕ ਰਿਹੈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਈ ਪਿੰਡਾਂ ਦੀਆਂ ਕੰਧਾਂ ੱਤੇ ਇਹ ਲਿਖਿਆ ਮਿਲਿਐ ਕਿ ‘ਚਿੱਟਾ’ ਇੱਥੇ ਮਿਲਦਾ ਹੈ, ਕਿਹਾ, ਮੌਜੂਦਾ ਸਰਕਾਰ ਸਮੇਂ ਮਿੱਠੀਆਂ ਗੋਲੀਆਂ ਵਾਂਗ ਵਿਕ ਰਿਹੈ ਨਸ਼ੇ ਦੇ ਬਾਵਜੂਦ ਸਰਕਾਰ ਕੋਈ ਠੋਸ ਕਾਰਵਾਈ ਨਹੀਂ ਕਰ ਸਕੀ ਪਰ ਸਰਕਾਰ ਨੇ ਨਸ਼ਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਜ਼ਰੂਰ ਕੀਤੀ ਹੈ, ਜਿਸ ਦੀ ਮਿਸਾਲ ਮੋਹਨਜੀਤ ਸਿੰਘ ਸ਼ੇਰੋਂ ਤੇ ਗੁਲਜ਼ਾਰ ਸਿੰਘ ਤੂੜਬੰਜਾਰਾ ਨਾਲ ਵਾਪਰੀਆਂ ਘਟਨਾਵਾਂ ਤੋਂ ਮਿਲਦੀ ਹੈ।ਉਨ੍ਹਾਂ ਸੂਬੇ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਸਵਾਲ ਕੀਤਾ ਕਿ ਗੁਲਜ਼ਾਰ ਸਿੰਘ ਵਲੋਂ ਮਸਲਾ ਉਠਾਏ ਜਾਣ 'ਤੇ ਵੀ ਉਨ੍ਹਾਂ ਨੇ ਨਸ਼ਾ ਬੰਦ ਕਰਵਾਉਣ ਲਈ ਠੋਸ ਕਦਮ ਕਿਉਂ ਨਹੀਂ ਚੁੱਕੇ। ਉਨ੍ਹਾਂ ਕਿਹਾ ਕਿ ਮਾਨਸਾ ਦੇ ਪਰਵਿੰਦਰ ਸਿੰਘ ਝੋਟਾ ਕਤਲਕਾਂਡ 'ਤੇ ਵੀ ਸਰਕਾਰ ਨੂੰ ਘੇਰਦਿਆਂ ਬੀਬਾ ਬਾਦਲ ਨੇ ਕਿਹਾ ਕਿ ਕਿੰਨੀ ਸ਼ਰਮਨਾਕ ਗੱਲ ਹੈ ਕਿ ਨਸ਼ਿਆਂ ਖ਼ਿਲਾਫ਼ ਲੜਾਈ 'ਚ ਇਕ ਨੌਜਵਾਨ ਨੂੰ ਜਾਨ ਗਵਾਉਣੀ ਪਈ ਤੇ ਹੁਣ ਇਨਸਾਫ਼ ਦੀ ਲੜਾਈ ਲੜ ਰਹੇ ਉਸ ਦੇ ਪਰਿਵਾਰ ਨਾਲ ਮੁੱਖ ਮੰਤਰੀ ਨੇ ਅਜੇ ਤੱਕ ਮੁਲਾਕਾਤ ਕਰਨੀ ਵੀ ਜ਼ਰੂਰੀ ਨਹੀਂ ਸਮਝੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਦੇ ਨਸ਼ਾ ਮਾਫ਼ੀਆ ਖ਼ਿਲਾਫ਼ ਕੋਈ ਠੋਸ ਕਾਰਵਾਈ ਕਰਨ 'ਚ ਅਸਫਲ ਸਾਬਿਤ ਹੋਏ ਹਨ। ਬੀਬਾ ਬਾਦਲ ਨੇ ਇਸ ਮੌਕੇ ਵਾਇਦਾ ਕੀਤਾ ਕਿ ਸੂਬੇ ਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਬਣਨ 'ਤੇ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾਣਗੀਆਂ। ਉਨ੍ਹਾਂ ਨੇ ਬੀਬੀਆਂ ਨੂੰ ਅਪੀਲ ਕੀਤੀ ਕਿ ਮਾਈ ਭਾਗੋ ਦੇ ਜੀਵਨ ਤੋਂ ਪ੍ਰੇਰਨਾ ਲੈਣ ਤੇ ਆਪਣੇ ਘਰ ਪਰਿਵਾਰ ਨੂੰ ਨਸ਼ਿਆਂ ਤੋਂ ਬਚਾਉਣ ਲਈ ਖ਼ੁਦ ਲੜਾਈ ਲੜਨ ਲਈ ਲਾਮਬੰਦ ਹੋਣ। ਰੈਲੀ 'ਚ ਹਲਕਾ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਆਉਣ ਤੇ ਇਕ ਵੱਖਰਾ ਡੀ.ਜੀ.ਪੀ. ਲਗਾਇਆ ਜਾਵੇਗਾ ਤਾਂ ਜੋ ਪੰਜਾਬ ਨਸ਼ਾ ਮੁਕਤ ਕੀਤਾ ਜਾ ਸਕੇ।