ਸੈਕਰਾਮੈਂਟੋ, 31 ਅਕਤੂਬਰ (ਹੁਸਨ ਲੜੋਆ ਬੰਗਾ)-ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚਿਲਿਕੋਥ ਵਿਚ ਇਕ ਚੋਣ ਰੈਲੀ ਦੌਰਾਨ ਓਹੀਓ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਰਿਪਬਲਿਕਨ ਪਾਰਟੀ ਦੇ ਗਵਰਨਰ ਅਹੁਦੇ ਦੇ ਉਮੀਦਵਾਰ ਵਿਵੇਕ ਰਾਮਾਸਵਾਮੀ ਨੂੰ ਚੁਣਨ। 3 ਨਵੰਬਰ ਦੀਆਂ ਚੋਣਾਂ ਤੋਂ ਪਹਿਲਾਂ ਹੋਈ ਇਸ ਰੈਲੀ ਵਿਚ ਰਾਮਾਸਵਾਮੀ ਨੇ ਜਾਇਦਾਦ ਟੈਕਸ ਵਿਚ ਰਾਹਤ ਦੇਣ ਅਤੇ ‘ਸੈਂਚੁਰੀ ਸਿਟੀਜ਼’ ਜੋ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਸੁਰੱਖਿਆ ਦਿੰਦੇ ਹਨ, ਵਿਰੁੱਧ ਕਾਰਵਾਈ ਕਰਨ ਦਾ ਵਾਅਦਾ ਕੀਤਾ।
ਇਕੱਠ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਰਿਪਬਲਿਕਨ ਪਾਰਟੀ ਦੀ ਜਿੱਤ ਦੀ ਭਵਿੱਖਬਾਣੀ ਕੀਤੀ ਅਤੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਰਾਮਾਸਵਾਮੀ ਅਤੇ ਪਾਰਟੀ ਦੇ ਕਾਂਗਰਸ ਉਮੀਦਵਾਰਾਂ ਦਾ ਸਮਰਥਨ ਕਰਨ। ਟਰੰਪ ਨੇ ਕਿਹਾ ਕਿ 3 ਨਵੰਬਰ ਨੂੰ ਓਹੀਓ ਦੇ ਲੋਕ ਵਿਵੇਕ ਰਾਮਾਸਵਾਮੀ ਨੂੰ ਆਪਣਾ ਗਵਰਨਰ ਚੁਣਨ ਜਾ ਰਹੇ ਹਨ। ਰਾਮਾਸਵਾਮੀ ਨੇ ਆਪਣੇ ਸੰਬੋਧਨ ਵਿਚ ਇਸ ਚੋਣ ਮੁਕਾਬਲੇ ਨੂੰ ਓਹੀਓ ਦੇ ਵਸਨੀਕਾਂ ਦਾ ਜੀਵਨ ਬਿਹਤਰ ਬਣਾਉਣ ਦੇ ਨਜ਼ਰੀਏ ਤੋਂ ਪੇਸ਼ ਕੀਤਾ ਅਤੇ ਆਪਣੇ ਰਾਜ-ਪੱਧਰੀ ਏਜੰਡੇ ਨੂੰ ਟਰੰਪ ਦੀਆਂ ਰਾਸ਼ਟਰੀ ਨੀਤੀਆਂ ਨਾਲ ਜੋੜਿਆ।
ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਟਰੰਪ ਅਮਰੀਕੀਆਂ ਨੂੰ ਪਹਿਲ ਦਿੰਦੇ ਹਨ। ਮੈਂ ਓਹੀਓ ਦੇ ਲੋਕਾਂ ਨੂੰ ਪਹਿਲ ਦੇਵਾਂਗਾ। ਰਾਮਾਸਵਾਮੀ ਨੇ ਵਾਅਦਾ ਕੀਤਾ ਕਿ ਜੇ ਉਹ ਚੁਣੇ ਜਾਂਦੇ ਹਨ ਤਾਂ ਉਹ ਓਹੀਓ ਦੇ ਇਤਿਹਾਸ ਵਿਚ ਜਾਇਦਾਦ ਟੈਕਸ ਵਿਚ ਸਭ ਤੋਂ ਵੱਡੀ ਰਾਹਤ ਦੇਣਗੇ। ਹਾਲਾਂਕਿ, ਉਨ੍ਹਾਂ ਨੇ ਇਸ ਪ੍ਰਸਤਾਵ ਦੇ ਵੇਰਵੇ ਨਹੀਂ ਦਿੱਤੇ, ਜਿਵੇਂ ਕਿ ਇਸ ’ਤੇ ਕਿੰਨਾ ਖਰਚਾ ਆਵੇਗਾ ਜਾਂ ਇਸ ਲਈ ਫੰਡ ਕਿਥੋਂ ਆਉਣਗੇ। ਉਨ੍ਹਾਂ ਨੇ ਓਹੀਓ ਵਿਚ ‘ਸੈਂਚੁਰੀ ਸਿਟੀਜ਼’ ਨੂੰ ਖਤਮ ਕਰਨ ਦਾ ਵੀ ਵਾਅਦਾ ਕੀਤਾ ਅਤੇ ਕਿਹਾ ਕਿ ਇਹ ਕਦਮ ਟਰੰਪ ਪ੍ਰਸ਼ਾਸਨ ਦੀਆਂ ਇਮੀਗ੍ਰੇਸ਼ਨ ਨੀਤੀਆਂ ਦਾ ਹੀ ਇਕ ਵਿਸਥਾਰ ਹੋਵੇਗਾ। ਰਾਮਾਸਵਾਮੀ ਨੇ ਕਿਹਾ ਕਿ ਉਹ ਅਹੁਦਾ ਸੰਭਾਲਣ ਦੇ ਪਹਿਲੇ ਦਿਨ ਹੀ ਇਕ ਕਾਰਜਕਾਰੀ ਆਦੇਸ਼ ਰਾਹੀਂ ਇਸ ਸੰਬੰਧੀ ਕਾਰਵਾਈ ਕਰਨਗੇ। ਰਾਮਾਸਵਾਮੀ ਦਾ ਮੁਕਾਬਲਾ ਡੈਮੋਕ੍ਰੇਟਿਕ ਉਮੀਦਵਾਰ ਐਮੀ ਐਕਟਨ ਨਾਲ ਹੈ।