ਨਵੀਂ ਦਿੱਲੀ, 1 ਨਵੰਬਰ (ਪੀ.ਟੀ.ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ਬੈਂਕ ਦੀ ਇਕ ਰਿਪੋਰਟ ਦੀ ਸ਼ਲਾਘਾ ਕੀਤੀ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਭਾਰਤ ’ਚ ਗਰੀਬੀ ਘਟਣ ਦੀ ਦਰ ਦੁਨੀਆ ’ਚ ਸਭ ਤੋਂ ਤੇਜ਼ ਦਰਾਂ ’ਚੋਂ ਇਕ ਹੈ। ਇੰਸਟਾਗ੍ਰਾਮ ’ਤੇ ਇਕ ਪੋਸਟ ’ਚ, ਜਿਸ ਦੇ ਪਿਛੋਕੜ ਵਿਚ ਬਾਲੀਵੁੱਡ ਫਿਲਮ ‘ਦਸਵੀਂ’ ਦਾ ਪ੍ਰੇਰਨਾਦਾਇਕ ਅਤੇ ਊਰਜਾ ਭਰਪੂਰ ਗੀਤ ‘ਠਾਣ ਲਿਆ’ ਚੱਲ ਰਿਹਾ ਸੀ, ਮੋਦੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਗਰੀਬੀ ਵਿਚ ਆਈ ਇਹ ‘ਇਤਿਹਾਸਕ’ ਗਿਰਾਵਟ ਮੌਕਿਆਂ ਵਿਚ ਇੱਕ ਵੱਡੇ ਵਾਧੇ (ਜੋ ਪੀੜ੍ਹੀਆਂ ਤੱਕ ਪ੍ਰਭਾਵ ਪਾਵੇਗਾ) ਨੂੰ ਦਰਸਾਉਂਦੀ ਹੈ।
ਪ੍ਰਧਾਨ ਮੰਤਰੀ ਨੇ ਕਾਂਗਰਸ ’ਤੇ ਉਸ ਦੀ ਦਹਾਕਿਆਂ ਪੁਰਾਣੀ ‘ਗਰੀਬੀ ਹਟਾਓ’ ਮੁਹਿੰਮ ਨੂੰ ਲੈ ਕੇ ਤਨਜ਼ ਵੀ ਕੱਸਿਆ ਅਤੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਲਈ ਗਰੀਬੀ ਖਤਮ ਕਰਨਾ ਕਦੇ ਵੀ ਸਿਰਫ਼ ਇਕ ਨਾਅਰਾ ਨਹੀਂ ਰਿਹਾ, ਸਗੋਂ ਇਕ ਪੱਕਾ ਸੰਕਲਪ ਰਿਹਾ ਹੈ। ਵਿਸ਼ਵ ਬੈਂਕ ਦਾ ਹਵਾਲਾ ਦਿੰਦੇ ਹੋਏ, ਮੋਦੀ ਨੇ ਦੱਸਿਆ ਕਿ 2011 ਅਤੇ 2023 ਦੇ ਵਿਚਕਾਰ 49.6 ਕਰੋੜ ਲੋਕ ਗਰੀਬੀ ਰੇਖਾ ਤੋਂ ਬਾਹਰ ਆਏ ਹਨ, ਜਿਸ ਨਾਲ ਅਤਿ-ਗਰੀਬੀ ਦੀ ਦਰ ’ਚ 90 ਫੀਸਦੀ ਦੀ ਭਾਰੀ ਗਿਰਾਵਟ ਆਈ ਹੈ - ਭਾਵ ਹੁਣ ਹਰ ਚਾਰ ਭਾਰਤੀਆਂ ’ਚੋਂ ਇਕ ਤੋਂ ਘਟ ਕੇ ਇਹ ਅੰਕੜਾ ਲਗਭਗ ਹਰ 38 ਭਾਰਤੀਆਂ ’ਚੋਂ ਇਕ ’ਤੇ ਆ ਗਿਆ ਹੈ।
ਉਨ੍ਹਾਂ ਅੱਗੇ ਕਿਹਾ, ‘ਸਿਰਫ਼ ਛੇ ਸਾਲਾਂ ਵਿਚ ਰੁਜ਼ਗਾਰ ਵਿਚ 13.4 ਕਰੋੜ ਦਾ ਵਾਧਾ ਹੋਇਆ ਹੈ। ਇਹ ਭਾਰਤ ਦੀ ਕੰਮ ਕਰਨ ਦੀ ਉਮਰ ਵਾਲੀ ਆਬਾਦੀ ਵਿੱਚ ਹੋਏ ਵਾਧੇ ਤੋਂ ਲਗਭਗ ਦੁੱਗਣਾ ਹੈ।’ ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਅਸਮਾਨਤਾ ’ਚ ਭਾਰੀ ਕਮੀ ਆਈ ਹੈ; ਭਾਰਤ ਦਾ ‘ਗਿਨੀ ਇੰਡੈਕਸ’ ਜੋ ਆਰਥਿਕ ਅਸਮਾਨਤਾ ਨੂੰ ਮਾਪਣ ਲਈ ਵਰਤਿਆ ਜਾਣ ਵਾਲਾ ਮੁੱਖ ਮਾਪਦੰਡ ਹੈ, 20 ਫੀਸਦੀ ਤੋਂ ਵੱਧ ਘਟ ਕੇ 23.0 ’ਤੇ ਆ ਗਿਆ ਹੈ।