ਖਮਾਣੋਂ, 4 ਨਵੰਬਰ (ਮਨਮੋਹਣ ਸਿੰਘ ਕਲੇਰ)- ਮਾਰਕੀਟ ਕਮੇਟੀ ਖਮਾਣੋਂ ਦੇ ਨਵ-ਨਿਯੁਕਤ ਚੇਅਰਮੈਨ ਕੁਵਿੱਕਰ ਸਿੰਘ ਸੇਖੋਂ ਦਾ ਤਾਜਪੋਸ਼ੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਭ ਤੋਂ ਪਹਿਲਾਂ ਮਾਰਕੀਟ ਕਮੇਟੀ ਦੇ ਦਫ਼ਤਰ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਅਤੇ ਰਾਗੀ ਸਿੰਘਾਂ ਵਲੋਂ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ ਗਿਆ।
ਇਸ ਮੌਕੇ ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਨਵੇਂ ਚੇਅਰਮੈਨ ਕੁਵਿੱਕਰ ਸਿੰਘ ਸੇਖੋਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਇਮਾਨਦਾਰ, ਦੂਰਅੰਦੇਸ਼ ਅਤੇ ਹਰ ਕਿਸੇ ਦੇ ਦੁੱਖ-ਸੁੱਖ ਵਿਚ ਸਾਥ ਦੇਣ ਵਾਲੇ ਇਨਸਾਨ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਮਿਹਨਤੀ ਅਤੇ ਇਮਾਨਦਾਰ ਵਰਕਰਾਂ ਦੀ ਕਦਰ ਕਰਦੀ ਹੈ ਅਤੇ ਉਨ੍ਹਾਂ ਨੂੰ ਬਣਦਾ ਮਾਣ-ਸਨਮਾਨ ਦਿੰਦੀ ਹੈ।
ਇਸ ਦੌਰਾਨ ਨਵ-ਨਿਯੁਕਤ ਚੇਅਰਮੈਨ ਕੁਵਿੱਕਰ ਸਿੰਘ ਸੇਖੋਂ ਨੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਪੂਰੀ ਇਮਾਨਦਾਰੀ, ਮਿਹਨਤ ਅਤੇ ਤਨਦੇਹੀ ਨਾਲ ਨਿਭਾਉਣਗੇ। ਇਸ ਉਪਰੰਤ ਵਿਧਾਇਕ ਰੁਪਿੰਦਰ ਸਿੰਘ ਹੈਪੀ ਦੀ ਮੌਜੂਦਗੀ ਵਿਚ ਉਨ੍ਹਾਂ ਨੇ ਮਾਰਕੀਟ ਕਮੇਟੀ ਦੇ ਚੇਅਰਮੈਨ ਵਜੋਂ ਆਪਣਾ ਅਹੁਦਾ ਸੰਭਾਲਿਆ।
ਇਸ ਮੌਕੇ ਮਾਰਕੀਟ ਕਮੇਟੀ ਮੁੱਲਾਂਪੁਰ ਦਾਖਾ ਦੇ ਚੇਅਰਮੈਨ ਵਿਜੇ ਬੈਕਟਰ, ਮੋਨੂੰ ਸੋਨੀ, ਹਰਭਜਨ ਸਿੰਘ ਕਲੇਰ, ਪਰਵਿੰਦਰ ਸਿੰਘ ਭੂਰਾ, ਕੌਂਸਲਰ ਮਨਦੀਪ ਸਿੰਘ, ਜਗਰੂਪ ਸਿੰਘ ਬਦੇਸ਼ਾਂ, ਲੇਖਾਕਾਰ ਓਪਿੰਦਰ ਸਿੰਘ, ਕਿਸਾਨ ਆਗੂ ਲਖਵੀਰ ਸਿੰਘ ਲੱਖੀ ਅਮਰਗੜ੍ਹ, ਗਗਨ ਸ਼ਮਸ਼ਪੁਰ ਅਤੇ ਬਲਾਕ ਸੰਮਤੀ ਮੈਂਬਰ ਮਨਦੀਪ ਸਿੰਘ ਧਨੌਲਾ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੇ ਪਤਵੰਤੇ ਅਤੇ ਸੰਗਤ ਹਾਜ਼ਰ ਸੀ।