ਕਰਨਾਲ, 5 ਨਵੰਬਰ (ਗੁਰਮੀਤ ਸਿੰਘ ਸੱਗੂ)- ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਹੇਠ ਵੀਰਵਾਰ ਨੂੰ ਕਰਨਾਲ ਵਿਚ ਕੱਢੀ ਗਈ ‘ਲੋਕਤੰਤਰ ਬਚਾਓ, ਅਰਾਜਕਤਾ ਹਟਾਓ’ ਯਾਤਰਾ ਦੌਰਾਨ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਕੇਂਦਰੀ ਮੰਤਰੀ ਮਨੋਹਰ ਲਾਲ ਅਤੇ ਭਾਜਪਾ ਦੀ ਸੂਬਾ ਪ੍ਰਧਾਨ ਡਾ. ਅਰਚਨਾ ਗੁਪਤਾ ਨੇ ਜਨ ਸਭਾ ਨੂੰ ਸੰਬੋਧਨ ਕੀਤਾ। ਇਸ ਦੌਰਾਨ ਤਿੰਨਾਂ ਆਗੂਆਂ ਨੇ ਲੋਕਤੰਤਰ, ਸੰਵਿਧਾਨ, ਵੋਟਰ ਸੂਚੀਆਂ ਦੀ ਵਿਸ਼ੇਸ਼ ਡੂੰਘਾਈ ਨਾਲ ਸੋਧ (ਐੱਸਆਈਆਰ), ਰਾਸ਼ਟਰੀ ਏਕਤਾ ਅਤੇ ਵਿਰੋਧੀ ਧਿਰ ਦੀ ਰਾਜਨੀਤੀ ਨਾਲ ਜੁੜੇ ਮੁੱਦਿਆਂ ’ਤੇ ਆਪਣੇ ਵਿਚਾਰ ਰੱਖੇ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਲੋਕਤੰਤਰ ਦੀ ਸਭ ਤੋਂ ਵੱਡੀ ਤਾਕਤ ਸਾਡਾ ਸੰਵਿਧਾਨ ਅਤੇ ਆਮ ਨਾਗਰਿਕ ਦੀ ਇਕ ਵੋਟ ਹੈ। ਕਿਸੇ ਵਿਅਕਤੀ ਕੋਲ ਭਾਵੇਂ ਕਿੰਨਾ ਵੀ ਧਨ, ਪ੍ਰਭਾਵ ਜਾਂ ਵੱਡੇ ਪਰਿਵਾਰ ਦਾ ਨਾਂ ਹੋਵੇ ਜਾਂ ਨਾ ਹੋਵੇ, ਪਰ ਪੋਲਿੰਗ ਬੂਥ ’ਤੇ ਉਸ ਦੀ ਇਕ ਵੋਟ ਦੀ ਅਹਿਮੀਅਤ ਦੇਸ਼ ਦੇ ਹਰ ਨਾਗਰਿਕ ਦੀ ਵੋਟ ਦੇ ਬਰਾਬਰ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਕ ਵੋਟ ਵਿਚ ਕਿਸਾਨ ਦੀ ਮਿਹਨਤ, ਮਜ਼ਦੂਰ ਦੀ ਉਮੀਦ, ਨੌਜਵਾਨਾਂ ਦਾ ਭਵਿੱਖ ਅਤੇ ਮਾਵਾਂ-ਭੈਣਾਂ ਦੀਆਂ ਆਸਾਂ ਜੁੜੀਆਂ ਹੁੰਦੀਆਂ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਵੋਟਰ ਸੂਚੀਆਂ ਦੀ ਵਿਸ਼ੇਸ਼ ਡੂੰਘਾਈ ਨਾਲ ਸੋਧ (ਐੱਸਆਈਆਰ) ਚੋਣ ਕਮਿਸ਼ਨ ਦੀ ਨਿਯਮਤ ਸੰਵਿਧਾਨਕ ਪ੍ਰਕਿਰਿਆ ਹੈ, ਜੋ ਸਮੇਂ-ਸਮੇਂ ’ਤੇ ਹੁੰਦੀ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਇਸ ਪ੍ਰਕਿਰਿਆ ਨੂੰ ਲੈ ਕੇ ਲੋਕਾਂ ਵਿਚ ਝੂਠ ਅਤੇ ਭਰਮ ਫੈਲਾ ਰਹੀ ਹੈ।