ਜਿਨੇਵਾ, 17 ਨਵੰਬਰ (ਯੂ.ਐਨ.ਆਈ.)-ਗਾਜ਼ਾ ਵਿਚ ਮਨੁੱਖੀ ਸੰਕਟ ਲਗਾਤਾਰ ਗੰਭੀਰ ਹੁੰਦਾ ਜਾ ਰਿਹਾ ਹੈ । ਸੰਯੁਕਤ ਰਾਸ਼ਟਰ ਦੀਆਂ ਵੱਖ-ਵੱਖ ਏਜੰਸੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਗਾਜ਼ਾ ਵਿਚ 17 ਲੱਖ ਤੋਂ ਵੱਧ ਲੋਕ ਬੇਘਰ ਹਨ, ਜਦਕਿ 14 ਲੱਖ ਲੋਕ ਗੰਭੀਰ ਭੁੱਖਮਰੀ ਦਾ ਸਾਹਮਣਾ ਕਰ ਰਹੇ ਹਨ ਅਤੇ ਲਗਭਗ 20 ਲੱਖ ਲੋਕਾਂ ਨੂੰ ਰਹਿਣ ਲਈ ਸਹਾਇਤਾ ਦੀ ਲੋੜ ਹੈ ।
ਸੰਯੁਕਤ ਰਾਸ਼ਟਰ (ਯੂ.ਐਨ.), ਅੰਤਰਰਾਸ਼ਟਰੀ ਪ੍ਰਵਾਸ ਸੰਗਠਨ (ਆਈ.ਓ.ਐਮ.) ਅਤੇ ਵਿਸ਼ਵ ਖੁਰਾਕ ਪ੍ਰੋਗਰਾਮ (ਡਬਲਯੂ.ਐਫ.ਪੀ.) ਨੇ ਸਰਦੀ ਦੇ ਮੌਸਮ ਨੂੰ ਦੇਖਦਿਆਂ ਮਨੁੱਖੀ ਹਾਲਾਤ ਹੋਰ ਵਿਗੜਨ ਦਾ ਖਦਸ਼ਾ ਪ੍ਰਗਟਾਇਆ ਹੈ । ਉਨ੍ਹਾਂ ਮੁਤਾਬਕ ਠੰਢ, ਹੜ੍ਹਾਂ ਤੇ ਰਾਹਤ ਸਮੱਗਰੀ ਦੀ ਸਪਲਾਈ ਵਿਚ ਰੁਕਾਵਟਾਂ ਕਾਰਨ ਬੇਘਰ ਪਰਿਵਾਰਾਂ ਦੀਆਂ ਮੁਸ਼ਕਿਲਾਂ ਵਧ ਰਹੀਆਂ ਹਨ । ਬੇਘਰ ਲੋਕਾਂ ਦੇ ਰਹਿਣ ਵਾਲੇ 1,700 ਤੋਂ ਵੱਧ ਕੈਂਪਾਂ ਵਿਚੋਂ ਅੱਧੇ ਤੋਂ ਜ਼ਿਆਦਾ ਹੜ੍ਹਾਂ ਦੇ ਖਤਰੇ ਵਾਲੇ ਇਲਾਕਿਆਂ ਵਿਚ ਹਨ ।
ਆਈ.ਓ.ਐਮ. ਨੇ ਰਾਹਤ ਕਾਰਜਾਂ ਲਈ 17.3 ਕਰੋੜ ਡਾਲਰ ਦੀ ਮੰਗ ਕੀਤੀ ਹੈ । ਇਸੇ ਤਰ੍ਹਾਂ ਡਬਲਯੂ.ਐਫ.ਪੀ. ਨੂੰ ਅਗਲੇ ਛੇ ਮਹੀਨਿਆਂ ਦੌਰਾਨ ਫਲਸਤੀਨ ਵਿਚ 20 ਲੱਖ ਲੋਕਾਂ ਤੱਕ ਸਹਾਇਤਾ ਪਹੁੰਚਾਉਣ ਲਈ 43.6 ਕਰੋੜ ਡਾਲਰ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਫੰਡਾਂ ਦੀ ਕਮੀ ਕਾਰਨ ਲੋਕਾਂ ਨੂੰ ਗਰਮ ਭੋਜਨ ਹੁਣ ਹਰ ਦੂਜੇ ਦਿਨ ਦਿੱਤਾ ਜਾ ਰਿਹਾ ਹੈ ।
ਰਿਪੋਰਟ ਮੁਤਾਬਕ ਗਾਜ਼ਾ ਦੀ 80 ਫੀਸਦੀ ਆਬਾਦੀ ਬੇਰੁਜ਼ਗਾਰ ਹੈ ਤੇ ਦੋ-ਤਿਹਾਈ ਲੋਕ ਗੰਭੀਰ ਭੁੱਖਮਰੀ ਨਾਲ ਜੂਝ ਰਹੇ ਹਨ । ਏਜੰਸੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਮਨੁੱਖੀ ਸਹਾਇਤਾ ਜਾਰੀ ਨਾ ਰਹੀ ਤਾਂ 2026 ਦੇ ਅੰਤ ਤੱਕ ਗਾਜ਼ਾ ਦੀ 90 ਫੀਸਦੀ ਆਬਾਦੀ, ਲਗਭਗ 19 ਲੱਖ ਲੋਕ, ਗੰਭੀਰ ਖੁਰਾਕ ਸੰਕਟ ਦਾ ਸਾਹਮਣਾ ਕਰ ਸਕਦੇ ਹਨ ।
ਉਨ੍ਹਾਂ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਤੁਰੰਤ ਮਦਦ ਵਧਾਉਣ ਤੇ ਸਰਦੀ ਤੋਂ ਬਚਾਅ ਲਈ ਕੰਬਲ, ਗਰਮ ਕੱਪੜੇ, ਟੈਂਟ ਤੇ ਖਾਣਾ ਪਕਾਉਣ ਵਾਲਾ ਬਾਲਣ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਹੈ।