ਤਲਵੰਡੀ ਸਾਬੋ/ ਚੰਡੀਗੜ੍ਹ,25 ਅਗਸਤ: ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਸੂਬੇ ਨੂੰ ਉਨ੍ਹਾਂ ਪੰਜਾਬ ਵਿਰੋਧੀ ਤਾਕਤਾਂ ਤੋਂ ਬਚਾਉਣ ਦਾ ਸੱਦਾ ਦਿੱਤਾ ਜੋ ਸਿੱਖ ਲੀਡਰਸ਼ਿਪ ਨੂੰ ਖ਼ਤਮ ਕਰਨਾ ਚਾਹੁੰਦੀਆਂ ਹਨ ਅਤੇ ਸੂਬੇ ਦੀ ਅਮਨ ਤੇ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਖ਼ਤਮ ਕਰ ਕੇ ਇਸਨੂੰ ਮੁੜ ਕਾਲੇ ਦੌਰ ਵਿਚ ਧੱਕਣਾ ਚਾਹੁੰਦੀਆਂ ਹਨ।
ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ 13 ਅਗਸਤ ਨੂੰ ਨਾਂਦੇੜ ਵਿਖੇ ਹੋਏ ਕਾਤਲਾਨਾ ਹਮਲੇ ਵਿਚ ਜ਼ਖ਼ਮੀ ਹੋਣ ਉਪਰੰਤ ਠੀਕ ਹੋਣ ’ਤੇ ਆਪਣੀ ਪਤਨੀ ਤੇ ਬਠਿੰਡਾ ਦੇ ਐਮ. ਪੀ. ਸਰਦਾਰਨੀ ਹਰਸਿਮਰਤ ਕੌਰ ਬਾਦਲ ਅਤੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨਾਲ ਮਿਲ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਵਾਸਤੇ ਇਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਣ ਆਏ ਸਨ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿਚ ਅਕਾਲੀ ਵਰਕਰ ਹਾਜ਼ਰ ਸਨ ਜਿਨ੍ਹਾਂ ਨੇ ਪਾਰਟੀ ਪ੍ਰਧਾਨ ਨਾਲ ਇਕਜੁੱਟਤਾ ਪ੍ਰਗਟ ਕੀਤੀ ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਹਮਾਇਤ ਵਿਚ ਅਤੇ ਪਾਰਟੀ ਦੇ ਸਿਧਾਂਤਾਂ ’ਤੇ ਡਟੇ ਰਹਿਣ ਲਈ ਨਾਅਰੇਬਾਜ਼ੀ ਵੀ ਕੀਤੀ ਤੇ ਸੂਬੇ ਵਿਚ ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਹਰ ਹੀਲੇ ਬਚਾ ਕੇ ਰੱਖਣ ਦਾ ਪ੍ਰਣ ਲਿਆ। ਦਮਦਮਾ ਸਾਹਿਬ ਵਿਖੇ ਜਥੇਦਾਰ ਬਾਬਾ ਟੇਕ ਸਿੰਘ ਨੇ ਅਰਦਾਸ ਕੀਤੀ ਅਤੇ ਅਕਾਲੀ ਦਲ ਪ੍ਰਧਾਨ ਨੂੰ ਸਿਰੋਪਾਓ ਬਖਸ਼ਿਸ਼ ਕੀਤੀ।
ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਸਪੱਸ਼ਟ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ (ਬ) ਕਦੇ ਵੀ ਕਿਸੇ ਵੀ ਕੀਮਤ ’ਤੇ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਆਗਿਆ ਨਹੀਂ ਦੇਵੇਗਾ। ਉਨ੍ਹਾਂ ਕਿਹਾ ਕਿ ਇਹ ਸਾਡਾ ਮਿਸ਼ਨ ਹੈ ਕਿ ਪੰਜਾਬ ਵਿਚ ਸਾਰੇ ਧਰਮਾਂ ਦਾ ਸਤਿਕਾਰ ਹੋਵੇ ਅਤੇ ਅਸੀ਼ ਸਾਰੇ ਮਿਲ ਕੇ ਆਪਸੀ ਭਾਈਚਾਰਕ ਸਾਂਝ ਦੇ ਨਾਲ-ਨਾਲ ਪੰਜਾਬੀਆਂ ਦੀ ਭਲਾਈ ਵਾਸਤੇ ਕੰਮ ਕਰੀਏ। ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ (ਬ) ਨਾ ਸਿਰਫ ਸ਼ਹੀਦਾਂ ਦੀ ਪਾਰਟੀ ਹੈ ਬਲਕਿ ਇਹ ਪੰਜਾਬ ਤੇ ਪੰਥ ਦੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ 105 ਸਾਲ ਪੁਰਾਣੀ ਹੈ ਜਿਸਨੇ ਹਮੇਸ਼ਾ ਤਸ਼ੱਦਦ ਦੇ ਖਿਲਾਫ਼ ਲੜਾਈ ਲੜੀ ਭਾਵੇਂ ਉਹ ਆਜ਼ਾਦੀ ਤੋਂ ਪਹਿਲਾਂ ਹੋਵੇ ਜਾਂ ਆਜ਼ਾਦੀ ਤੋਂ ਬਾਅਦ। ਉਨ੍ਹਾਂ ਕਿਹਾ ਕਿ ਅਸੀਂ ਹਮੇਸ਼ਾ ਗਰੀਬਾਂ ਅਤੇ ਕਿਸਾਨਾਂ ਵਾਸਤੇ ਡੱਟ ਕੇ ਲੜਾਈ ਲੜੀ। ਅਸੀਂ ਖਾਲਸਾ ਪੰਥ ਵਾਸਤੇ ਵੀ ਵੱਧ ਚੜ੍ਹ ਕੇ ਸ਼ਹਾਦਤਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਮੈਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਵਜੋਂ ਮੈਂ ਇਨ੍ਹਾਂ ਆਦਰਸ਼ਾਂ ’ਤੇ ਡੱਟ ਕੇ ਪਹਿਰਾ ਦਿੱਤਾ ਤੇ ਕਦੇ ਵੀ ਸਮਝੌਤਾ ਨਹੀਂ ਕੀਤਾ।
ਸਰਦਾਰ ਬਾਦਲ ਨੇ ਨਿਮਾਣੇ ਹੋ ਕੇ ਕਿਹਾ ਕਿ ਉਹ ਅਕਾਲ ਪੁਰਖ਼ ਦਾ ਸ਼ੁਕਰਾਨਾ ਕਰਨ ਆਏ ਹਨ ਜਿਨ੍ਹਾਂ ਨੇ ਪੰਥ ਦੇ ਦੁਸ਼ਮਣਾਂ ਤੋਂ ਉਨ੍ਹਾਂ ਦੀ ਰਾਖੀ ਕੀਤੀ ਜਦੋਂ ਕਿ ਪੰਥ ਦੇ ਇਹ ਦੋਖੀ ਇਹ ਵੀ ਨਹੀਂ ਜਾਣਦੇ ਕਿ ਗੁਰੂ ਘਰ ਦੀ ਮਰਿਆਦਾ ਕੀ ਹੈ। ਉਨ੍ਹਾਂ ਕਿਹਾ ਕਿ ਮੈਂ ਉਨ੍ਹਾਂ ਲੱਖਾਂ ਲੋਕਾਂ ਦਾ ਵੀ ਸ਼ੁਕਰਾਨਾ ਕਰਦਾ ਹਾਂ ਜੋ ਮੇਰੇ ਲਈ ਅਰਦਾਸਾਂ ਕਰ ਰਹੇ ਸਨ ਅਤੇ ਮੈਨੂੰ ਸ਼ੁਭ ਇੱਛਾਵਾਂ ਭੇਜੀਆਂ। ਉਨ੍ਹਾਂ ਕਿਹਾ ਕਿ ਜਿਥੇ ਉਨ੍ਹਾਂ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਹੈ, ਉਥੇ ਹੀ ਪੰਜਾਬ ਵਿਚ ਖੁਸ਼ਹਾਲੀ ਪਰਤਣ ਦੀ ਅਰਦਾਸ ਵੀ ਕੀਤੀ ਹੈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਦੱਸਿਆ ਕਿ ਅਕਾਲੀ ਦਲ ਪ੍ਰਧਾਨ ਆਪਣੇ ਟਾਂਕੇ ਕੱਟਣ ਮਗਰੋਂ ਪੰਜਾਬ ਪਹੁੰਚੇ ਹਨ ਅਤੇ ਉਹਨਾਂ ਦੀ ਬਾਂਹ ’ਤੇ ਪਲੱਸਤਰ ਲੱਗਾ ਹੈ ਤਾਂ ਜੋ ਕਾਤਲਾਨਾ ਹਮਲੇ ਵਿਚ ਉਨ੍ਹਾਂ ਦੀ ਹੱਡੀ ਜਿਹੜੀ ਚੀਰੀ ਗਈ ਸੀ, ਉਹ ਠੀਕ ਹੋ ਜਾਵੇ। ਉਨ੍ਹਾਂ ਨੇ ਸਭ ਲੋਕਾਂ ਦਾ ਸ਼ੁਕਰਾਨਾ ਕੀਤਾ ਜੋ ਪਾਰਟੀ ਲੀਹਾਂ ਤੋਂ ਉਪਰ ਉਠ ਕੇ ਵੀ ਉਨ੍ਹਾਂ ਤੱਕ ਪਹੁੰਚੇ ਅਤੇ ਅਕਾਲੀ ਦਲ ਪ੍ਰਧਾਨ ਨੂੰ ਸ਼ੁਭ ਇੱਛਾਵਾਂ ਭੇਂਟ ਕੀਤੀਆਂ।
ਉਨ੍ਹਾਂ ਨੇ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਅਤੇ ਅਕਾਲੀ ਦਲ ਪ੍ਰਧਾਨ ਦੀ ਦੋ ਸਾਲਾਂ ਵਿਚ ਦੋ ਵਾਰ ਕਾਤਲਾਨਾ ਹਮਲੇ ਵਿਚ ਰਾਖੀ ਕਰਨ ਅਤੇ ਪਰਿਵਾਰ ਨੂੰ ਆਪਣੀ ਓਟ ਤੇ ਆਸਰੇ ਵਿਚ ਰੱਖਣ ’ਤੇ ਅਕਾਲ ਪੁਰਖ਼ ਦਾ ਸ਼ੁਕਰਾਨਾ ਕੀਤਾ।
ਇਸ ਮੌਕੇ ਬਲਵਿੰਦਰ ਸਿੰਘ ਭੂੰਦੜ, ਜਨਮੇਜਾ ਸਿੰਘ ਸੇਖੋਂ, ਸਿਕੰਦਰ ਸਿੰਘ ਮਲੂਕਾ, ਡਾ. ਦਲਜੀਤ ਸਿੰਘ ਚੀਮਾ ਅਤੇ ਹੀਰਾ ਸਿੰਘ ਗਾਬੜੀਆ ਤੋਂ ਇਲਾਵਾ ਕੋਰ ਕਮੇਟੀ ਮੈਂਬਰ ਤੇ ਹਲਕਾ ਇੰਚਾਰਜ ਵੀ ਹਾਜ਼ਰ ਸਨ।