ਸੁਲਤਾਨਪੁਰ ਲੋਧੀ (ਕਪੂਰਥਲਾ), 28 ਅਗਸਤ (ਥਿੰਦ)- ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਵਲੋਂ ਅੱਜ ਸੁਲਤਾਨਪੁਰ ਲੋਧੀ ਦੀ ਦਾਣਾ ਮੰਡੀ ਸੁਲਤਾਨਪੁਰ ਲੋਧੀ ਦਾ ਦੌਰਾ ਕਰਕੇ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਸਮਾਗਮਾਂ ਸਬੰਧੀ 3 ਸਤੰਬਰ ਨੂੰ ਕਰਵਾਏ ਜਾਣ ਵਾਲੇ ਸ਼ਾਨਦਾਰ ਡ੍ਰੋਨ ਸ਼ੋਅ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ।
ਇਸ ਮੌਕੇ ਉਨ੍ਹਾਂ ਨਾਲ ਐਸ.ਡੀ.ਐਮ. ਜਸਜੀਤ ਸਿੰਘ, ਏ.ਐਸ.ਪੀ. ਸੁਲਤਾਨਪੁਰ ਲੋਧੀ ਧੀਰੇਂਦਰ ਵਰਮਾ, ਐਸ.ਪੀ. ਮੁਕੇਸ਼ ਕੁਮਾਰ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਸ਼ਾਨਦਾਰ ਡ੍ਰੋਨ ਸ਼ੋਅ 3 ਸਤੰਬਰ ਨੂੰ ਸ਼ਾਮ 7 ਵਜੇ ਸੁਲਤਾਨਪੁਰ ਲੋਧੀ ਦੀ ਦਾਣਾ ਮੰਡੀ ਵਿਖੇ ਸ਼ੁਰੂ ਹੋਵੇਗਾ। ਉਨ੍ਹਾਂ ਕਿਹਾ ਕਿ ਰਾਤ ਦੇ ਆਕਾਸ਼ ਵਿਚ ਇਹ ਪ੍ਰਭਾਵਸ਼ਾਲੀ ਡਿਜੀਟਲ ਪ੍ਰਦਰਸ਼ਨ ਇਕ ਆਕਰਸ਼ਕ ਹਵਾਈ ਪੇਸ਼ਕਾਰੀ ਰਾਹੀਂ ਗੁਰੂ ਰਵਿਦਾਸ ਜੀ ਦੇ ਜੀਵਨ, ਬਾਣੀ ਅਤੇ ਸਿੱਖਿਆਵਾਂ ਨੂੰ ਦਰਸਾਏਗਾ, ਜਿਸ ਵਿਚ ਨਵੀਂ ਪੀੜ੍ਹੀ ਨੂੰ ਗੁਰੂ ਸਾਹਿਬ ਦੇ ਅਮਰ ਸੰਦੇਸ਼ ਨਾਲ ਜੋੜਨ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।
ਇਹ ਡ੍ਰੋਨ ਸ਼ੋਅ ਲਗਭਗ 25 ਤੋਂ 30 ਮਿੰਟ ਹੋਵੇਗਾ। ਡਿਪਟੀ ਕਮਿਸ਼ਨਰ ਨੇ ਸਾਰੇ ਸਬੰਧਤ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਕਿ ਸ਼ਰਧਾਲੂਆਂ ਅਤੇ ਸੰਗਤਾਂ ਦੀ ਸਹੂਲਤ ਲਈ ਸਮੇਂ ਸਿਰ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾਣ। ਉਨ੍ਹਾਂ ਖਾਸ ਤੌਰ 'ਤੇ ਸਮਾਗਮ ਵਾਲੀ ਥਾਂ 'ਤੇ ਬੈਠਣ ਦੇ ਢੁਕਵੇਂ ਪ੍ਰਬੰਧ, ਪੀਣ ਵਾਲੇ ਸਾਫ਼ ਪਾਣੀ, ਸਫ਼ਾਈ, ਸੁਰੱਖਿਆ ਅਤੇ ਹੋਰ ਜ਼ਰੂਰੀ ਸਹੂਲਤਾਂ 'ਤੇ ਜ਼ੋਰ ਦਿੱਤਾ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾਂ ਪੱਧਰੀ ਸਮਾਗਮਾਂ ਦੇ ਹਿੱਸੇ ਵਜੋਂ, ਅਜਿਹੇ ਹੀ ਡ੍ਰੋਨ ਸ਼ੋਅ 1 ਸਤੰਬਰ ਨੂੰ ਫਗਵਾੜਾ ਦੇ ਬਾਬਾ ਗਦੀਆ ਗਰਾਊਂਡ, 2 ਸਤੰਬਰ ਨੂੰ ਦਾਣਾ ਮੰਡੀ ਭੁਲੱਥ ਅਤੇ 5 ਸਤੰਬਰ ਨੂੰ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਖੇ ਵੀ ਹੋਣਗੇ। ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਸਾਰੇ ਵਿਭਾਗਾਂ ਵਿਚਕਾਰ ਆਪਸੀ ਤਾਲਮੇਲ ਬਣਾਏ ਰੱਖਣ ਅਤੇ ਪ੍ਰਬੰਧਾਂ ਨੂੰ ਯੋਜਨਾਬੱਧ ਢੰਗ ਨਾਲ ਯਕੀਨੀ ਬਣਾਉਣ ਲਈ ਕਿਹਾ ਤਾਂ ਜੋ ਸ਼ਰਧਾਲੂ ਇਸ ਸ਼ਾਨਦਾਰ ਪੇਸ਼ਕਾਰੀ ਨੂੰ ਆਰਾਮ ਨਾਲ ਅਤੇ ਸੁਰੱਖਿਅਤ ਢੰਗ ਨਾਲ ਦੇਖ ਸਕਣ।