ਮਲੌਦ (ਲੁਧਿਆਣਾ), 29 ਅਗਸਤ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਆਸਟਰੀਆ ਦੇ ਸਾਲਜ਼ਬਰਗ ਸਥਿਤ ‘ਕੂਲ ਮਾਮਾ’ ਹੋਟਲ ਵਿਚ ਪੰਜਾਬ ਤੋਂ ਗਏ ਕੁਝ ਸਿੱਖ ਨੌਜਵਾਨਾਂ ਨਾਲ ਕਥਿਤ ਤੌਰ ’ਤੇ ਵਿਤਕਰਾ ਕਰਨ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਰੋਸ ਪੈਦਾ ਹੋ ਗਿਆ ਹੈ। ਮੋਹਾਲੀ ਵਿਚ ਵਪਾਰਕ ਫਰਮ ਚਲਾਉਣ ਵਾਲੇ ਜਸਪ੍ਰੀਤ ਸਿੰਘ ਨੇ ਦੋਸ਼ ਲਾਇਆ ਹੈ ਕਿ ਹੋਟਲ ਪ੍ਰਬੰਧਨ ਨੇ ਉਨ੍ਹਾਂ ਨੂੰ ਪੱਗ ਸਜਾਈ ਹੋਣ ਕਾਰਨ ਹੋਟਲ ਵਿਚ ਠਹਿਰਣ ਦੀ ਇਜਾਜ਼ਤ ਨਹੀਂ ਦਿੱਤੀ।
ਜਸਪ੍ਰੀਤ ਸਿੰਘ ਮੁਤਾਬਕ, 27 ਅਗਸਤ ਨੂੰ ਉਹ ਆਪਣੇ ਸਾਥੀਆਂ ਸਮੇਤ ਪਹਿਲਾਂ ਤੋਂ ਕੀਤੀ ਆਨਲਾਈਨ ਬੁਕਿੰਗ ਤਹਿਤ ਹੋਟਲ ਪਹੁੰਚੇ ਸਨ। ਬੁਕਿੰਗ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਕਥਿਤ ਤੌਰ ’ਤੇ ਦਾਖ਼ਲਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਉਨ੍ਹਾਂ ਦਾ ਦਾਅਵਾ ਹੈ ਕਿ ਹੋਟਲ ਪ੍ਰਬੰਧਨ ਵਲੋਂ ਸਿੱਧੇ ਤੌਰ ’ਤੇ ਕਿਹਾ ਗਿਆ ਕਿ ਪੱਗ ਸਜਾਉਣ ਵਾਲੇ ਵਿਅਕਤੀਆਂ ਨੂੰ ਹੋਟਲ ਵਿਚ ਰਹਿਣ ਦੀ ਇਜਾਜ਼ਤ ਨਹੀਂ ਹੈ। ਇਹ ਦੋਸ਼ ਸਾਹਮਣੇ ਆਉਂਦਿਆਂ ਹੀ ਮਾਮਲਾ ਗੰਭੀਰ ਰੂਪ ਧਾਰ ਗਿਆ ਹੈ। ਹਲਕਾ ਪਾਇਲ ਤੋਂ ਵਿਧਾਇਕ ਇੰਜ: ਮਨਵਿੰਦਰ ਸਿੰਘ ਗਿਆਸਪੁਰਾ ਨੇ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਇਸ ਨੂੰ ਨਸਲੀ ਅਤੇ ਧਾਰਮਿਕ ਵਿਤਕਰੇ ਦਾ ਗੰਭੀਰ ਮਾਮਲਾ ਕਰਾਰ ਦਿੱਤਾ ਹੈ।