ਨਵੀਂ ਦਿੱਲੀ, 31 ਅਗਸਤ (ਪੀ.ਟੀ.ਆਈ.)-ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਕਿ ਭਾਰਤ ਦਾ ਚੋਣ ਕਮਿਸ਼ਨ ਦੇਸ਼ ਦੀ ਆਬਾਦੀ ਨੂੰ 140 ਕਰੋੜ ਤੋਂ ਘਟਾ ਕੇ 50 ਕਰੋੜ ਕਰ ਦੇਵੇਗਾ। ਉਨ੍ਹਾਂ ਇਹ ਬਿਆਨ ਦਿੱਲੀ ਦੀ ਵੋਟਰ ਸੂਚੀ ਦਾ ਖਰੜਾ ਜਾਰੀ ਹੋਣ ਦੇ ਕੁਝ ਘੰਟਿਆਂ ਬਾਅਦ ਦਿੱਤਾ, ਜਿਸ ਵਿਚ 47 ਲੱਖ ਤੋਂ ਵੱਧ ਨਾਂਅ ਹਟਾਏ ਗਏ ਸਨ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਵਿਆਪਕ ਸੋਧ (ਐਸ.ਆਈ.ਆਰ.) ਕਾਰਨ ਰਾਜ ਵਿਚ ਰਜਿਸਟਰਡ ਹਰ ਤਿੰਨ ’ਚੋਂ ਇਕ ਵੋਟਰ ਦਾ ਨਾਂਅ ਖਰੜਾ ਸੂਚੀ ’ਚੋਂ ਬਾਹਰ ਰਹਿ ਗਿਆ।
ਕੇਜਰੀਵਾਲ ਨੇ ਆਪਣੇ ਸੋਸ਼ਲ ਮੀਡੀਆ ਮੰਚ ’ਤੇ ਲਿਖਿਆ ਕਿ ਐਸ.ਆਈ.ਆਰ. ਤਹਿਤ ਦਿੱਲੀ ਲਈ ਵੋਟਰਾਂ ਦੀ ਖਰੜਾ ਸੂਚੀ ਜਾਰੀ ਕਰ ਦਿੱਤੀ ਗਈ ਹੈ। 1.5 ਕਰੋੜ ’ਚੋਂ 47 ਲੱਖ ਵੋਟਰਾਂ ਦੇ ਨਾਂਅ ਗਾਇਬ ਹਨ ਅਤੇ ਭਾਰਤ ਸਰਕਾਰ ਆਬਾਦੀ ਨੂੰ ਲੈ ਕੇ ਬੇਲੋੜੀ ਚਿੰਤਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਐਸ.ਆਈ.ਆਰ. ਰਾਹੀਂ ਚੋਣ ਕਮਿਸ਼ਨ ਸਾਡੇ ਦੇਸ਼ ਦੀ ਆਬਾਦੀ ਨੂੰ 140 ਕਰੋੜ ਤੋਂ ਘਟਾ ਕੇ 50 ਕਰੋੜ ਕਰ ਦੇਵੇਗਾ।