ਦੁਬਈ, 3 ਸਤੰਬਰ (ਏਜੰਸੀ)-ਮਹਿਲਾ ਏਸ਼ੀਆ ਕੱਪ ’ਚ ਭਾਰਤੀ ਟੀਮ ਸੈਮੀਫਾਈਨਲ ’ਚ ਪਹੁੰਚ ਗਈ ਹੈ। ਟੀਮ ਨੇ ਟੂਰਨਾਮੈਂਟ ਦੇ ਆਪਣੇ ਦੂਜੇ ਮੈਚ ’ਚ ਹਾਂਗਕਾਂਗ ’ਤੇ 137 ਦੌੜਾਂ ਦੀ ਵੱਡੀ ਜਿੱਤ ਦਰਜ਼ ਕੀਤੀ । ਇਹ ਟੀ-20 ਅੰਤਰਰਾਸ਼ਟਰੀ ’ਚ ਭਾਰਤੀ ਮਹਿਲਾ ਟੀਮ ਦੀ ਦੂਜੀ ਸਭ ਤੋਂ ਵੱਡੀ ਜਿੱਤ ਹੈ।ਹਾਂਗਕਾਂਗ ਨੇ ਟਾੱਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ। ਸਮ੍ਰਿਤੀ ਮੰਧਾਨਾ ਦੇ ਸੈਂਕੜੇ ਦੀ ਮਦਦ ਨਾਲ ਭਾਰਤ ਨੇ 5 ਵਿਕਟਾਂ ’ਤੇ 193 ਦੌੜਾਂ ਦਾ ਟੀਚਾ ਦਿੱਤਾ। ਜਵਾਬ ’ਚ ਹਾਂਗਕਾਂਗ ਦੀ ਬੱਲੇਬਾਜ਼ੀ ਪੂਰੀ ਤਰ੍ਹਾਂ ਫੇਲ ਰਹੀ ਅਤੇ ਟੀਮ ਦੀ ਪਾਰੀ 17ਵੇਂ ਓਵਰ ’ਚ 56 ਦੌੜਾਂ ’ਤੇ ਸਿਮਟ ਗਈ। ਹਾਂਗਕਾਂਗ ਖ਼ਿਲਾਫ਼ ਮੈਚ ’ਚ ਸਮ੍ਰਿਤੀ ਮੰਧਾਨਾ ਦੇ ਬੱਲੇ ਤੋਂ 124 ਦੌੜਾਂ ਨਿਕਲੀਆਂ। ਉਸ ਨੇ ਸਿਰਫ 64 ਦੌੜਾਂ ਦਾ ਸਾਹਮਣਾ ਕਰਦਿਆਂ 193.75 ਦੀ ਸਟ੍ਰਾਈਕ ਰੇਟ ਨਾਲ 14 ਚੌਕੇ ਅਤੇ 7 ਛੱਕੇ ਮਾਰੇ।
ਸ੍ਰਮਿਤੀ ਮੰਧਾਨਾ ਨੇ ਮਹਿਲਾ ਅੰਤਰਰਾਸ਼ਟਰੀ ਕ੍ਰਿਕਟ ’ਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਆਪਣੇ ਨਾਂਅ ਕਰ ਲਿਆ ਹੈ। ਮੰਧਾਨਾ ਦੇ ਨਾਂਅ ਹੁਣ 10,880 ਦੌੜਾਂ ਹਨ ਅਤੇ ਉਸ ਨੇ ਸਾਬਕਾ ਭਾਰਤੀ ਕਪਤਾਨ ਮਿਤਾਲੀ ਰਾਜ ਨੂੰ ਪਿੱਛੇ ਛੱਡ ਦਿੱਤਾ ਹੈ। ਮਿਤਾਲੀ ਨੇ ਅੰਤਰਰਾਸ਼ਟਰੀ ਕ੍ਰਿਕਟ ’ਚ 10,868 ਦੌੜਾਂ ਬਣਾਈਆਂ ਸਨ। ਮੰਧਾਨਾ ਦੇ ਨਾਂਅ ਮਹਿਲਾ ਅੰਤਰਰਾਸ਼ਟਰੀ ਕ੍ਰਿਕਟ ’ਚ ਸਭ ਤੋਂ ਵੱਧ ਸੈਂਕੜਾ ਜੜਨ ਦਾ ਰਿਕਾਰਡ ਵੀ ਦਰਜ਼ ਹੋ ਗਿਆ ਹੈ। ਆਸਟ੍ਰੇਲੀਆ ਦੀ ਮੇਗ ਲੇਨਿੰਗ ਅਤੇ ਦੱਖਣੀ ਅਫਰੀਕਾ ਦੀ ਲੌਰਾ ਵੋਲਵਾਡਾਰਟ ਦੇ ਨਾਂਅ 17-17 ਸੈਂਕੜੇ ਹਨ, ਜਦੋਂਕਿ ਸਮ੍ਰਿਤੀ ਦੇ ਸੈਂਕੜਿਆਂ ਦੀ ਗਿਣਤੀ 18 ਹੋ ਗਈ ਹੈ।