ਬੱਲੂਆਣਾ (ਬਠਿੰਡਾ), 16 ਸਤੰਬਰ (ਗੁਰਨੈਬ ਸਾਜਨ)- ਬੀਤੇ ਦਿਨੀਂ ਥਾਣਾ ਸੰਗਤ ਦੀ ਪੁਲਿਸ ਨੇ ਕਿਸਾਨਾਂ ਦੀਆਂ ਖੇਤਾਂ ਵਿਚ ਲੱਗੀਆਂ ਮੋਟਰਾਂ ਤੋਂ ਤਾਰਾਂ ਚੋਰੀ ਕਰਨ ਵਾਲੇ ਮਾਂ ਪੁੱਤ ਸਮੇਤ ਚੋਰੀ ਦਾ ਸਮਾਨ ਖਰੀਦਣ ਵਾਲੇ ਇਕ ਕਬਾੜੀਆ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ ਸੀ। ਅੱਜ ਇਸ ਮਾਮਲੇ ਨੇ ਉਸ ਸਮੇਂ ਨਵਾਂ ਮੋੜ ਲੈ ਲਿਆ ਜਦੋਂ ਪੁਲਿਸ ਥਾਣਾ ਸਦਰ ਬਠਿੰਡਾ ਦੇ ਅਧੀਨ ਪੈਂਦੇ ਪਿੰਡ ਮੁਲਤਾਨੀਆਂ ਦੇ ਦਲੇਰ ਸਿੰਘ ਅਤੇ ਉਸਦੀ ਮਾਤਾ ਨੂੰ ਤਾਰਾਂ ਚੋਰੀ ਕਰਨ ਦੇ ਕਥਿਤ ਦੋਸ਼ ਵਿਚ ਗ੍ਰਿਫ਼ਤਾਰ ਕਰਕੇ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਥਾਣਾ ਸੰਗਤ ਲਿਆਂਦਾ ਸੀ।
ਇਸ ਸਬੰਧੀ ਬਠਿੰਡਾ ਦਿਹਾਤੀ ਦੇ ਡੀ.ਐਸ.ਪੀ. ਹਰਵਿੰਦਰ ਸਿੰਘ ਸਰਾਂ ਨੇ ਦੱਸਿਆ ਕਿ 13 ਸਤੰਬਰ ਨੂੰ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਮੁਲਤਾਨੀਆਂ ਦੇ ਆਸ ਪਾਸ ਖੇਤਾਂ ਦੀਆਂ ਮੋਟਰਾਂ ਤੋਂ ਤਾਂਬੇ ਦੀਆਂ ਤਾਰਾਂ ਅਤੇ ਸਟਾਰਟਰ ਚੋਰੀ ਕੀਤੇ ਜਾ ਰਹੇ ਹਨ। ਜਿਸ ਤੇ ਪੁਲਿਸ ਨੇ ਕਾਰਵਾਈ ਕਰਦਿਆਂ ਪਿੰਡ ਜੈ ਸਿੰਘ ਵਾਲਾ ਦੇ ਬੱਸ ਅੱਡੇ ਤੋਂ ਮੁਲਤਾਨੀਆਂ ਦੇ ਦਲੇਰ ਸਿੰਘ ਅਤੇ ਉਸ ਦੀ ਮਾਤਾ ਨੂੰ ਤਾਰਾਂ ਸਮੇਤ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਦਾ ਮੈਡੀਕਲ ਕਰਵਾ ਕੇ ਦੋ ਦਿਨ ਪੁਲਿਸ ਰਿਮਾਂਡ ਤੇ ਲਿਆ ਸੀ, ਅਚਾਨਕ ਹੀ ਥਾਣਾ ਸੰਗਤ ਵਿਚ ਪੁਲਿਸ ਰਿਮਾਂਡ ਦੌਰਾਨ ਦਲੇਰ ਸਿੰਘ ਦੀ ਹਾਲਤ ਵਿਗੜ ਗਈ ਜਿਸ ਨੂੰ ਸੰਗਤ ਦੇ ਹਸਪਤਾਲ ਵਿਚ ਮੁਢਲੇ ਇਲਾਜ ਲਈ ਦਾਖਲ ਕਰਵਾਇਆ ਗਿਆ।
ਪਰ ਉੱਥੇ ਸੀਨੀਅਰ ਡਾਕਟਰ ਨਾਂ ਹੋਣ ਕਾਰਨ ਦਲੇਰ ਸਿੰਘ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਪਰ ਡਾਕਟਰਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਦਲੇਰ ਸਿੰਘ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਮ੍ਰਿਤਕ ਕਤਿਥ ਦੋਸ਼ੀ ਦਲੇਰ ਸਿੰਘ ਉੱਪਰ ਪਹਿਲਾਂ ਵੀ 302, 374 ਦੀ ਧਾਰਾ ਤਹਿਤ ਚੋਰੀ ਦੇ ਮਾਮਲੇ ਦਰਜ ਸਨ। ਉਨ੍ਹਾਂ ਕਿਹਾ ਕਿ ਦਲੇਰ ਸਿੰਘ ਦੀ ਅਚਾਨਕ ਹੀ ਮੌਤ ਹੋਈ ਹੈ ਪੋਸਟਮਾਰਟਮ ਦੌਰਾਨ ਜੇਕਰ ਹੋਰ ਵੀ ਕੋਈ ਮਾਮਲਾ ਸਾਹਮਣੇ ਆਇਆ ਤਾਂ ਅਗਲੀ ਉੱਪਰ ਹੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਇਸ ਸਬੰਧੀ ਮ੍ਰਿਤਕ ਦਲੇਰ ਸਿੰਘ ਦੇ ਪਿਤਾ ਬਖਸ਼ੀਸ਼ ਸਿੰਘ ਨੇ ਦੱਸਿਆ ਕਿ 13 ਸਤੰਬਰ ਨੂੰ ਉਸ ਦਾ ਪੁੱਤਰ ਘਰ ਆਇਆ ਤਾਂ ਉਸ ਨੇ ਆਪਣੀ ਮਾਂ ਨੂੰ ਕਿਹਾ ਕਿ ਉਸਦਾ ਐਕਸੀਡੈਂਟ ਹੋ ਗਿਆ ਹੈ, ਜਿਸ ਕਰਕੇ ਉਸ ਦੀ ਮਾਂ ਵੀ ਉਸ ਨਾਲ ਚਲੀ ਗਈ ਜੈ ਸਿੰਘ ਵਾਲਾ ਦੇ ਅੱਡੇ ਤੇ ਪਿੰਡ ਦੇ ਕੁਝ ਲੋਕਾਂ ਨੇ ਸਾਜਿਸ਼ ਤਹਿਤ ਉਸ ਦੀਆਂ ਗੱਡੀ ਵਿਚ ਤਾਰਾਂ ਰੱਖ ਦਿੱਤੀਆਂ ਜਦੋਂ ਕਿ ਉਸ ਨੇ ਚੋਰੀ ਨਹੀਂ ਕੀਤੀ ਸੀ।
ਮਾਂ ਪੁੱਤਾਂ ਉੱਪਰ ਚੋਰੀ ਦਾ ਝੂਠਾ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਦੋ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਥਾਣਾ ਸੰਗਤ ਹਿਰਾਸਤ ਵਿਚ ਰੱਖਿਆ ਗਿਆ ਸੀ। ਉਨ੍ਹਾਂ ਕਿਹਾ ਕਿ ਉਹ 15 ਸਤੰਬਰ ਦੁਪਹਿਰ 2 ਵਜੇ ਆਪਣੇ ਪੁੱਤਰ ਨੂੰ ਉਸ ਦੇ ਕੱਪੜੇ ਫੜਾਉਣ ਥਾਣਾ ਸੰਗਤ ਗਿਆ ਸੀ ਤਾਂ ਉਦੋਂ ਦਲੇਰ ਸਿੰਘ ਬਿਲਕੁਲ ਠੀਕ ਸੀ ਪਰ ਰਾਤ ਸਮੇਂ ਪਿੰਡ ਦੇ ਸਰਪੰਚ ਨੂੰ ਸੰਗਤ ਪੁਲਿਸ ਦਾ ਫੋਨ ਆਇਆ ਕਿ ਦਲੇਰ ਸਿੰਘ ਦੀ ਹਾਲਤ ਵਿਗੜ ਗਈ ਹੈ ਉਸ ਨੂੰ ਹਸਪਤਾਲ ਲਿਆਂਦਾ ਗਿਆ ਹੈ ਤੇ ਸਵੇਰੇ ਪੁਲਿਸ ਵਲੋਂ ਉਸਦੀ ਮੌਤ ਦਾ ਸੁਨੇਹਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਉਹ ਉਦੋਂ ਤੱਕ ਆਪਣੇ ਪੁੱਤਰ ਦਾ ਪੋਸਟਮਾਰਟਮ ਨਹੀਂ ਕਰਾਉਣਗੇ ਜਦੋਂ ਤੱਕ ਉਸ ਉੱਪਰ ਚੋਰੀ ਦਾ ਝੂਠਾ ਮਾਮਲਾ ਦਰਜ ਕਰਵਾਉਣ ਵਾਲੇ ਪਿੰਡ ਦੇ ਲੋਕਾਂ ਤੇ ਮਾਮਲਾ ਨਹੀਂ ਦਰਜ ਕਰਦੇ ਅਤੇ ਪੁਲਿਸ ਹਿਰਾਸਤ ਵਿਚ ਹੋਈ ਮੌਤ ਦੇ ਜਿੰਮੇਵਾਰ ਪੁਲਿਸ ਮੁਲਾਜ਼ਮਾ 'ਤੇ ਕਾਰਵਾਈ ਨਹੀਂ ਕਰਦੇ।
ਇਸ ਸਬੰਧੀ ਮ੍ਰਿਤਕ ਦਲੇਰ ਸਿੰਘ ਦੇ ਚਾਚਾ ਅਕਾਲੀ ਚੜ੍ਹਤ ਸਿੰਘ ਬੁੱਢਾ ਦਲ ਫੌਜ ਨੇ ਦੱਸਿਆ ਕਿ ਜਿੰਨ੍ਹਾਂ ਨੇ ਉਨ੍ਹਾਂ ਦੇ ਭਤੀਜੇ ਦਲੇਰ ਸਿੰਘ ਉੱਪਰ ਚੋਰੀ ਦਾ ਨਜਾਇਜ ਪਰਚਾ ਦਰਜ ਕਰਵਾਇਆ ਹੈ ਅਤੇ ਪੁਲਿਸ ਦੀ ਹਿਰਾਸਤ ਵਿਚ ਹੋਈ ਮੌਤ ਦੇ ਜ਼ਿੰਮੇਂਵਾਰ ਪੁਲਿਸ ਮੁਲਾਜ਼ਮਾਂ ਤੇ ਜਿੰਨ੍ਹਾਂ ਚਿਰ ਕਾਰਵਾਈ ਨਹੀਂ ਹੁੰਦੀ ਉਨਾ ਚਿਰ ਉਹ ਪੋਸਟਮਾਰਟਮ ਨਹੀਂ ਕਰਵਾਉਣਗੇ। ਜੇਕਰ ਉਨ੍ਹਾਂ ਦੀ ਨਾ ਹੋਈ ਤਾਂ ਉਹ ਸਾਧ ਸੰਗਤ ਖਿਲਾਫ਼ ਸੰਘਰਸ਼ ਵਿੱਢਣਗੇ।