ਗਲਾਸਗੋ, 8 ਅਕਤੂਬਰ (ਹਰਜੀਤ ਸਿੰਘ ਦੁਸਾਂਝ)-ਗਲਾਸਗੋ ਵਿਚ ਪ੍ਰਵਾਸੀਆਂ ਵਿਰੁੱਧ ਲਗਾਤਾਰ ਹੋ ਰਹੇ ਪ੍ਰਦਰਸ਼ਨਾਂ ਅਤੇ ਭੜਕਾਊ ਨਾਅਰੇਬਾਜ਼ੀ ਨਾਲ ਮਾਹੌਲ ਤਣਾਅਪੂਰਨ ਬਣ ਰਿਹਾ ਹੈ ਅਤੇ ਵੱਖ-ਵੱਖ ਭਾਈਚਾਰਿਆਂ ਵਿਚਾਲੇ ਆਪਸੀ ਸਾਂਝ ਨੂੰ ਲੈ ਕੇ ਚਿੰਤਾ ਵਧ ਰਹੀ ਹੈ। ਇਸੇ ਦੌਰਾਨ ਗਲਾਸਗੋ ਸ਼ਹਿਰ ਦੇ ਪੂਰਬੀ ਸ਼ੈਟਲਸਟਨ ਇਲਾਕੇ ਵਿਚ ਨਕਾਬਪੋਸ਼ ਪ੍ਰਦਰਸ਼ਨਕਾਰੀਆਂ ਵਲੋਂ ਪ੍ਰਵਾਸੀਆਂ ਵਿਰੁੱਧ ਨਾਅਰੇ ਲਗਾਉਣ ਅਤੇ ਸੜਕਾਂ ’ਤੇ ਮਾਰਚ ਕਰਨ ਕਾਰਨ ਪੁਲਿਸ ਨੂੰ ਦਖ਼ਲ ਦੇਣਾ ਪਿਆ।
ਸਮਾਜਿਕ ਮਾਧਿਅਮਾਂ ’ਤੇ ਸਾਹਮਣੇ ਆਈਆਂ ਕਈ ਵੀਡੀਓ ਵਿਚ ਲਗਭਗ ਦੋ ਦਰਜ਼ਨ ਵਿਅਕਤੀ, ਜਿਨ੍ਹਾਂ ਵਿਚੋਂ ਕਈਆਂ ਨੇ ਚਿਹਰੇ ਢੱਕੇ ਹੋਏ ਸਨ, ‘ਇਨ੍ਹਾਂ ਨੂੰ ਵਾਪਸ ਭੇਜੋ’ ਅਤੇ ‘ਗਲਾਸਗੋ ਹੁਣ ਬਹੁਤ ਸਹਿ ਚੁੱਕਾ ਹੈ’ ਵਰਗੇ ਨਾਅਰੇ ਲਗਾਉਂਦੇ ਦਿਖਾਈ ਦਿੱਤੇ। ਪ੍ਰਦਰਸ਼ਨ ਦੌਰਾਨ ਪਾਰਕਹੈੱਡ ਕਰਾਸ ਰਾਹੀਂ ਆਵਾਜਾਈ ਕੁਝ ਸਮੇਂ ਲਈ ਰੋਕ ਦਿੱਤੀ ਗਈ, ਜਿਸ ਨਾਲ ਟੋਲਕਰਾਸ ਰੋਡ, ਡਿਊਕ ਸਟ੍ਰੀਟ, ਵੈਸਟਮਿਊਰ ਸਟ੍ਰੀਟ ਅਤੇ ਸਪਰਿੰਗਫ਼ੀਲਡ ਰੋਡ ਪ੍ਰਭਾਵਿਤ ਹੋਈਆਂ। ਬਾਅਦ ਵਿਚ ਸੜਕਾਂ ਮੁੜ ਖੋਲ੍ਹ ਦਿੱਤੀਆਂ ਗਈਆਂ ਪਰ ਇਲਾਕੇ ਵਿਚ ਪੁਲਿਸ ਦੀ ਮੌਜੂਦਗੀ ਬਣੀ ਰਹੀ।
ਪੁਲਿਸ ਸਕਾਟਲੈਂਡ ਅਨੁਸਾਰ ਵੈਸਟਮਿਊਰ ਸਟ੍ਰੀਟ ਵਿਚ ਭੀੜ ਇਕੱਠੀ ਹੋਣ ਦੀ ਸੂਚਨਾ ’ਤੇ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਪੁਲਿਸ ਅਧਿਕਾਰੀ ’ਤੇ ਕਥਿਤ ਹਮਲੇ ਦੇ ਸੰਬੰਧ ਵਿਚ 32 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਦੋਸ਼ ਦਰਜ ਕੀਤੇ ਗਏ। ਗਲਾਸਗੋ ਦੇ ਬੇਲੀਸਟਨ ਅਤੇ ਸ਼ੈਟਲਸਟਨ ਤੋਂ ਸਕਾਟਿਸ਼ ਸੰਸਦ ਮੈਂਬਰ ਡੇਵਿਡ ਲਿੰਡਨ ਨੇ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਅਜਿਹੇ ਵਿਹਾਰ ਦੀ ਆਧੁਨਿਕ ਸਕਾਟਲੈਂਡ ਵਿਚ ਕੋਈ ਥਾਂ ਨਹੀਂ ਅਤੇ ਭਾਈਚਾਰਿਆਂ ਦੀ ਵਿਭਿੰਨਤਾ ਉਨ੍ਹਾਂ ਦੀ ਤਾਕਤ ਹੈ।
ਉਨ੍ਹਾਂ ਨੇ ਘਟਨਾ ਦੇ ਵੇਰਵੇ ਅਤੇ ਸਥਾਨਕ ਲੋਕਾਂ ਦੀ ਸੁਰੱਖਿਆ ਲਈ ਲੋੜੀਂਦੇ ਪ੍ਰਬੰਧਾਂ ਬਾਰੇ ਪੁਲਿਸ ਨਾਲ ਸੰਪਰਕ ਕੀਤਾ ਹੈ। ਲੇਬਰ ਪਾਰਟੀ ਦੇ ਸਕਾਟਿਸ਼ ਸੰਸਦ ਮੈਂਬਰ ਪੌਲ ਸਵੀਨੀ ਨੇ ਵੀ ਕਿਹਾ ਕਿ ਸ਼ਾਂਤਮਈ ਪ੍ਰਦਰਸ਼ਨ ਲੋਕਾਂ ਦਾ ਅਧਿਕਾਰ ਹੈ, ਪਰ ਸੰਗਠਿਤ ਨਕਾਬਪੋਸ਼ ਸਮੂਹਾਂ ਵਲੋਂ ਗਲਾਸਗੋ ਦੇ ਭਾਈਚਾਰਿਆਂ ਨੂੰ ਡਰਾਉਣ ਦੀਆਂ ਕੋਸ਼ਿਸ਼ਾਂ ਕਬੂਲ ਨਹੀਂ ਕੀਤੀਆਂ ਜਾ ਸਕਦੀਆਂ।