09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

'ਅਕਾਲੀ ਦਲ ਵਾਰਿਸ ਪੰਜਾਬ ਦੇ' ਦੇ ਵਲੋਂ ਵਿਚਾਰ ਅਤੇ ਏਜੰਡਾ ਕਮੇਟੀ ਦਾ ਐਲਾਨ

ਅੰਮ੍ਰਿਤਸਰ, 9 ਅਕਤੂਬਰ (ਜਸਵੰਤ ਸਿੰਘ ਜੱਸ)- ਅਕਾਲੀ ਦਲ ਵਾਰਿਸ ਪੰਜਾਬ ਦੇ ਦੇ ਵਲੋਂ ਅੱਜ ਪਾਰਟੀ ਦੀ ਵਿਚਾਰ...

ਅਜੀਤ ਡੈਸਕ 09-10-2026

ਅੰਮ੍ਰਿਤਸਰ, 9 ਅਕਤੂਬਰ (ਜਸਵੰਤ ਸਿੰਘ ਜੱਸ)- ਅਕਾਲੀ ਦਲ ਵਾਰਿਸ ਪੰਜਾਬ ਦੇ ਦੇ ਵਲੋਂ ਅੱਜ ਪਾਰਟੀ ਦੀ ਵਿਚਾਰ ਅਤੇ ਏਜੰਡਾ ਕਮੇਟੀ ਦਾ ਐਲਾਨ ਕੀਤਾ ਗਿਆ। ਕਮੇਟੀ ਵਿਚ ਵੱਖ-ਵੱਖ ਖੇਤਰਾਂ ਦੇ ਮਾਹਿਰਾਂ, ਵਿਦਵਾਨਾਂ, ਸਮਾਜਿਕ ਕਾਰਕੁੰਨਾਂ, ਸਾਬਕਾ ਅਧਿਕਾਰੀਆਂ, ਕਿਸਾਨ ਅਤੇ ਮੁਲਾਜ਼ਮ ਆਗੂਆਂ, ਪੱਤਰਕਾਰਾਂ ਤੇ ਕਾਨੂੰਨੀ ਮਾਹਿਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਕਮੇਟੀ ਦਾ ਉਦੇਸ਼ ਪੰਜਾਬ ਨੂੰ ਦਰਪੇਸ਼ ਸਮਾਜਿਕ, ਆਰਥਿਕ, ਰਾਜਨੀਤਕ ਅਤੇ ਪੰਥਕ ਮਸਲਿਆਂ ਦੀ ਪਛਾਣ ਕਰਨਾ, ਵੱਖ-ਵੱਖ ਵਰਗਾਂ ਨਾਲ ਸੰਵਾਦ ਰਚਾਉਣਾ ਅਤੇ ਪੰਜਾਬੀਆਂ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਪਾਰਟੀ ਦਾ ਭਵਿੱਖੀ ਏਜੰਡਾ ਤਿਆਰ ਕਰਨਾ ਹੈ।

ਪਾਰਟੀ ਵਲੋਂ ਸ. ਇਕਬਾਲ ਸਿੰਘ ਝੂੰਦਾ ਨੂੰ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਉਹ ਲੰਬੇ ਸਮੇਂ ਤੋਂ ਅਕਾਲੀ ਸਿਆਸਤ ਵਿਚ ਸਰਗਰਮ ਰਹੇ ਹਨ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਲੀਡਰਸ਼ਿਪ ਵਿਚ ਆਏ ਨਿਘਾਰ ਦੇ ਕਾਰਨਾਂ ਬਾਰੇ ਉਨ੍ਹਾਂ ਦੀ ਅਗਵਾਈ ਹੇਠ ਬਣੀ ਕਮੇਟੀ ਆਪਣੀ ਰਿਪੋਰਟ ਪੇਸ਼ ਕਰ ਚੁੱਕੀ ਹੈ। ਸ. ਬਲਦੀਪ ਸਿੰਘ, ਸੇਵਾਮੁਕਤ ਰੈਵਨਿਊ ਅਧਿਕਾਰੀ ਨੂੰ ਕਨਵੀਨਰ ਨਿਯੁਕਤ ਕੀਤਾ ਗਿਆ ਹੈ। ਉਹ ਆਰਥਿਕ ਮਾਮਲਿਆਂ ਦੇ ਮਾਹਿਰ ਹਨ ਅਤੇ ਪੰਜਾਬ ਦੇ ਖ਼ਜ਼ਾਨਾ ਵਿਭਾਗ ਵਿਚ ਸੇਵਾਵਾਂ ਨਿਭਾ ਚੁੱਕੇ ਹਨ। ਗੰਗਵੀਰ ਰਾਠੌਰ ਨੂੰ ਸਕੱਤਰ-ਮੈਂਬਰ ਬਣਾਇਆ ਗਿਆ ਹੈ। ਉਹ ਪੰਜਾਬ ਦੇ ਵੱਖ-ਵੱਖ ਸਮਾਜਿਕ ਅਤੇ ਰਾਜਨੀਤਕ ਮਸਲਿਆਂ ’ਤੇ ਸਰਗਰਮ ਰਹੇ ਹਨ ਅਤੇ ਭਾਈ ਅੰਮ੍ਰਿਤਪਾਲ ਸਿੰਘ ਵਿਰੁੱਧ ਹੋਈ ਕਾਰਵਾਈ ਦਾ ਵੀ ਵਿਰੋਧ ਕਰਦੇ ਰਹੇ ਹਨ।

ਕਮੇਟੀ ਵਿਚ ਸਿੱਖ ਵਿਦਵਾਨ ਅਤੇ ਇਤਿਹਾਸਕਾਰ ਡਾ. ਸੁਖਪ੍ਰੀਤ ਸਿੰਘ ਉਦੋਂਕੇ, ਸਾਬਕਾ ਅਧਿਆਪਕ ਅਤੇ ਮੁਲਾਜ਼ਮ ਆਗੂ ਜਸਵਿੰਦਰ ਸਿੰਘ ਜਹਾਂਗੀਰ, ਪੰਜਾਬ ਦੇ ਮਸਲਿਆਂ ਬਾਰੇ ਲੇਖਣੀ ਕਰਨ ਵਾਲੇ ਪ੍ਰੋ. ਗੁਰਮੀਤ ਸਿੰਘ ਧਨੋਆ ਅਤੇ ਜਾਣੇ-ਪਛਾਣੇ ਪੱਤਰਕਾਰ ਤੇ ਚਿੰਤਕ ਗੁਰਪ੍ਰੀਤ ਸਿੰਘ ਮੰਡਿਆਣੀ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੇਵਾਮੁਕਤ ਏ.ਡੀ.ਸੀ. ਅਰਵਿੰਦਰ ਪਾਲ ਸਿੰਘ, ਨਿਊਰੋਸਰਜਨ ਅਤੇ ਲੋਕ ਜਾਗਰੂਕਤਾ ਫਾਊਂਡੇਸ਼ਨ ਦੇ ਸੰਚਾਲਕ ਡਾ. ਦਿਪੇਸ਼ ਬੱਤਰਾ, ਸੀਨੀਅਰ ਪੱਤਰਕਾਰ ਸ ਕਰਮਜੀਤ ਸਿੰਘ, ਸਿੱਖ ਰਾਜਨੀਤਕ ਬੰਦੀਆਂ ਦੇ ਕੇਸਾਂ ਦੀ ਪੈਰਵੀ ਕਰਦੇ ਰਹੇ ਐਡਵੋਕੇਟ ਸਰਬਜੀਤ ਸਿੰਘ ਅਤੇ ਨਹਿਰੀ ਵਿਭਾਗ ਤੋਂ ਸੇਵਾਮੁਕਤ ਸਿੰਚਾਈ ਮਾਹਿਰ ਇੰਜੀਨੀਅਰ ਬਲਵਿੰਦਰ ਸਿੰਘ ਨੂੰ ਵੀ ਕਮੇਟੀ ਵਿਚ ਜ਼ਿੰਮੇਵਾਰੀ ਦਿੱਤੀ ਗਈ ਹੈ।

ਬੀਬੀ ਹਰਪ੍ਰੀਤ ਕੌਰ ਫਿਲੌਰ, ਮੁਖੀ ਇਸਤਰੀ ਵਿੰਗ, ਔਰਤਾਂ ਨਾਲ ਸਬੰਧਤ ਮਸਲਿਆਂ ’ਤੇ ਕੰਮ ਕਰਨਗੇ। ਐਡਵੋਕੇਟ ਗੁਰਦੀਪ ਸਿੰਘ, ਜੋ ਲੈਂਡ ਪੂਲਿੰਗ ਨੀਤੀ ਵਿਰੁੱਧ ਲਾਮਬੰਦੀ ਕਰਦੇ ਰਹੇ ਹਨ ਅਤੇ ਇਸ ਸਬੰਧੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਪਟੀਸ਼ਨ ਵੀ ਦਾਇਰ ਕਰ ਚੁੱਕੇ ਹਨ, ਨੂੰ ਵੀ ਕਮੇਟੀ ਵਿਚ ਸ਼ਾਮਲ ਕੀਤਾ ਗਿਆ ਹੈ। ਨੌਜਵਾਨ ਸਾਹਿਤਕਾਰ ਅਤੇ ਕਵੀ ਹਰਪ੍ਰੀਤ ਸਿੰਘ ਬਾਬਾ ਬੇਲੀ ਵੀ ਪੰਜਾਬ ਦੇ ਸੱਭਿਆਚਾਰ ਅਤੇ ਲੋਕਧਾਰਾ ਸਬੰਧੀ ਆਪਣੀ ਸਮਝ ਨਾਲ ਕਮੇਟੀ ਵਿਚ ਯੋਗਦਾਨ ਪਾਉਣਗੇ। ਪਾਰਟੀ ਨੇ ਕਿਹਾ ਕਿ ਕਮੇਟੀ ਪੰਜਾਬ ਦੇ ਪਾਣੀਆਂ, ਖੇਤੀਬਾੜੀ, ਕਿਸਾਨਾਂ, ਮੁਲਾਜ਼ਮਾਂ, ਨੌਜਵਾਨਾਂ, ਔਰਤਾਂ, ਸਮਾਜਿਕ ਨਿਆਂ, ਆਰਥਿਕ ਵਿਕਾਸ ਅਤੇ ਪੰਥਕ ਮਸਲਿਆਂ ’ਤੇ ਵਿਚਾਰ-ਵਟਾਂਦਰਾ ਕਰਕੇ ਵਿਹਾਰਕ ਹੱਲ ਸੁਝਾਏਗੀ। ਵੱਖ-ਵੱਖ ਵਰਗਾਂ ਦੇ ਸੁਝਾਵਾਂ ਦੇ ਆਧਾਰ ’ਤੇ ਪਾਰਟੀ ਦੀਆਂ ਨੀਤੀਆਂ ਅਤੇ ਤਰਜੀਹਾਂ ਤੈਅ ਕੀਤੀਆਂ ਜਾਣਗੀਆਂ, ਤਾਂ ਜੋ ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ਨੂੰ ਕੇਂਦਰ ਵਿਚ ਰੱਖ ਕੇ ਪਾਰਟੀ ਦਾ ਵਿਜ਼ਨ ਲੋਕਾਂ ਸਾਹਮਣੇ ਪੇਸ਼ ਕੀਤਾ ਜਾ ਸਕੇ। ਇਹ ਜਾਣਕਾਰੀ ਪਾਰਟੀ ਦੇ ਮੀਡੀਆ ਇੰਚਾਰਜ ਸ਼ਮਸ਼ੇਰ ਸਿੰਘ ਪੱਧਰੀ ਨੇ ਦਿੱਤੀ।

ਪਿਛਲੀ ਖ਼ਬਰ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਗੁਰੂ ਹਰਸਹਾਏ ਵਿਖੇ ਸੁਣੀਆਂ ਲੋਕਾਂ ਦੀਆਂ ਮੁਸ਼ਕਿਲ... ਅਗਲੀ ਖ਼ਬਰ ਟਰਾਲੇ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ 1 ਦੀ ਮੌਤ ਅਤੇ ਦੋ ਗੰਭੀਰ ਰੂਪ ਵਿਚ ਜ਼ਖ਼ਮੀ