ਸੁਲਤਾਨਪੁਰ ਲੋਧੀ, 10 ਅਕਤੂਬਰ (ਜਗਮੋਹਣ ਸਿੰਘ ਥਿੰਦ)- ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਪਵਿੱਤਰ ਕਾਲੀ ਵੇਈਂ, ਸੁਲਤਾਨਪੁਰ ਲੋਧੀ ਵਿਖੇ ਰਾਜ ਪੱਧਰੀ ਕੇਕਿੰਗ ਅਤੇ ਕੈਨੋਇੰਗ ਮੁਕਾਬਲਿਆਂ ਦਾ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਅਤੇ ਐਸ.ਐਸ.ਪੀ. ਗੌਰਵ ਤੂਰਾ ਦੀ ਹਾਜ਼ਰੀ ਵਿਚ ਉਦਘਾਟਨ ਕੀਤਾ। ਚਾਰ ਰੋਜ਼ਾ ਇਸ ਖੇਡ ਸਮਾਗਮ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ, ਜਿਨ੍ਹਾਂ ਵਿਚ ਕਪੂਰਥਲਾ, ਰੋਪੜ, ਅੰਮ੍ਰਿਤਸਰ, ਗੁਰਦਾਸਪੁਰ, ਮੋਹਾਲੀ, ਫਾਜ਼ਿਲਕਾ ਅਤੇ ਤਰਨ ਤਾਰਨ ਸ਼ਾਮਲ ਹਨ, ਤੋਂ ਲਗਭਗ 250 ਖਿਡਾਰੀ ਭਾਗ ਲੈ ਰਹੇ ਹਨ।
ਇਹ ਮੁਕਾਬਲੇ ਪੰਜ ਉਮਰ ਵਰਗਾਂ ਅੰਡਰ-14, ਅੰਡਰ-17, ਅੰਡਰ-21, 21 ਤੋਂ 30 ਸਾਲ ਅਤੇ 31 ਤੋਂ 40 ਸਾਲ ਵਿਚ ਕਰਵਾਏ ਜਾ ਰਹੇ ਹਨ। ਇਸ ਮੌਕੇ ਸੰਬੋਧਨ ਕਰਦਿਆਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਸੁਲਤਾਨਪੁਰ ਲੋਧੀ ਵਿਖੇ ਰਾਜ ਪੱਧਰੀ ਕੇਕਿੰਗ ਅਤੇ ਕੈਨੋਇੰਗ ਮੁਕਾਬਲਿਆਂ ਦਾ ਆਯੋਜਨ ਹੋਣਾ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਅਜਿਹੇ ਖੇਡ ਸਮਾਗਮ ਉੱਭਰਦੇ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਇਕ ਮਹੱਤਵਪੂਰਨ ਮੰਚ ਪ੍ਰਦਾਨ ਕਰਦੇ ਹਨ। ਉਨ੍ਹਾਂ ਦੱਸਿਆ ਕਿ ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲੇ ਖਿਡਾਰੀਆਂ ਦੀ ਸਹੂਲਤ ਅਤੇ ਖੇਡਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਵਿਚ ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਦੇ ਮੌਕੇ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ, ਉਨ੍ਹਾਂ ਦੀਆਂ ਯੋਗਤਾਵਾਂ ਨੂੰ ਨਿਖਾਰਨ ਅਤੇ ਉਨ੍ਹਾਂ ਦੀ ਊਰਜਾ ਨੂੰ ਉਸਾਰੂ ਦਿਸ਼ਾ ਵਿਚ ਲਗਾਉਣ ਲਈ ਅਹਿਮ ਭੂਮਿਕਾ ਨਿਭਾ ਰਹੀਆਂ ਹਨ।