ਹਰੀਕੇ ਪੱਤਣ, ਅਜਨਾਲਾ, ਬਟਾਲਾ, (ਤਰਨਤਾਰਨ, ਅੰਮ੍ਰਿਤਸਰ), 15 ਅਕਤੂਬਰ (ਸੰਜੀਵ ਕੁੰਦਰਾ, ਗੁਰਪ੍ਰੀਤ ਸਿੰਘ ਢਿੱਲੋਂ, ਸੰਧੂ)- ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾਉਣ ਵਾਲੇ ਨੋਜਵਾਨ ਤੇ ਐਂਟੀ ਡਰੱਗ ਫੋਰਸ ਦੇ ਸੰਚਾਲਕ ਪਰਮਿੰਦਰ ਸਿੰਘ ਝੋਟਾ ਦੀ 13 ਅਕਤੂਬਰ ਨੂੰ ਮੈਡੀਕਲ ਸਟੋਰ ਮਾਲਕ ਵਲੋਂ ਮਾਨਸਾ ਵਿਖੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ, ਦੇ ਵਿਰੋਧ ਵਿਚ ਐਕਸ਼ਨ ਕਮੇਟੀ ਵਲੋਂ ਦਿੱਤੇ ਗਏ ਅੱਜ ਬੰਦ ਦੇ ਸੱਦੇ ਨੂੰ ਲੈ ਕੇ ਕਸਬਾ ਹਰੀਕੇ ਪੱਤਣ ਵਿਚ ਵੀ ਭਰਵਾਂ ਸਮਰਥਨ ਮਿਲਿਆ। ਕਸਬਾ ਹਰੀਕੇ ਪੱਤਣ ਦੇ ਬਜ਼ਾਰ ਬੰਦ ਹਨ । ਦੁਕਾਨਦਾਰਾਂ ਨੇ ਪੂਰਨ ਰੂਪ ਵਿਚ ਦੁਕਾਨਾਂ ਬੰਦ ਰੱਖੀਆਂ।
ਇਸ ਤਰ੍ਹਾਂ ਹੀ ਪੰਜਾਬ ਬੰਦ ਦੇ ਸੱਦੇ ਨੂੰ ਅਜਨਾਲਾ ਵਿਚ ਭਰਵਾਂ ਸਮਰਥਨ ਮਿਲਿਆ। ਪੰਜਾਬ ਬੰਦ ਦੇ ਸੱਦੇ ਦੇ ਮੱਦੇਨਜ਼ਰ ਅਜਨਾਲਾ ਸ਼ਹਿਰ ਵਿਚ ਦੁਕਾਨਦਾਰਾਂ ਨੇ ਆਪ-ਮੁਹਾਰੇ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਹਨ। ਇਸ ਤੋਂ ਇਲਾਵਾ ਸ਼ਹਿਰ ਦੇ ਨਿੱਜੀ ਵਿੱਦਿਅਕ ਅਦਾਰੇ ਵੀ ਬੰਦ ਰਹੇ, ਜਦਕਿ ਸੜਕਾਂ ’ਤੇ ਆਵਾਜਾਈ ਨਾਮਾਤਰ ਹੀ ਦੇਖਣ ਨੂੰ ਮਿਲੀ। ਪਰਵਿੰਦਰ ਸਿੰਘ ਝੋਟਾ ਦੇ ਕਤਲ ਦੀ ਘਟਨਾ ਨੂੰ ਲੈ ਕੇ ਲੋਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਬੰਦ ਦੇ ਸੱਦੇ ਨੂੰ ਮਿਲੇ ਸਮਰਥਨ ਕਾਰਨ ਅਜਨਾਲਾ ਦੇ ਬਾਜ਼ਾਰਾਂ ਵਿਚ ਕਾਰੋਬਾਰੀ ਸਰਗਰਮੀਆਂ ਠੱਪ ਰਹੀਆਂ ਹਨ I
ਇਸ ਦੇ ਨਾਲ ਹੀ ਬਟਾਲਾ ’ਚ ਵੀ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਦੁਕਾਨਾਂ, ਬੱਸਾਂ ਦੇ ਨਾਲ ਨਾਲ ਮੈਡੀਕਲ ਸਟੋਰ ਵੀ ਬੰਦ ਹਨ। ਨਿੱਜੀ ਸਕੂਲ ਵੀ ਬੰਦ ਰੱਖੇ ਗਏ ਹਨ। ਲੋਕਾਂ ਨੇ ਕਿਹਾ ਕਿ ਦੁਕਾਨਾਂ ਨਹੀਂ ਖੋਲ੍ਹਾਂਗੇ ਤੇ ਦੁਬਾਰਾ ਇਸ ਤਰ੍ਹਾਂ ਦੀ ਮੰਦਭਾਗੀ ਘਟਨਾ ਨਾ ਵਾਪਰੇ, ਇਸ ਲਈ ਬੰਦ ਨੂੰ ਪੂਰਾ ਸਮਰਥਨ ਦਿੱਤਾ ਜਾਵੇਗਾ।