ਰਾਏਕੋਟ 15 ਅਕਤੂਬਰ (ਬਲਵਿੰਦਰ ਸਿੰਘ ਲਿੱਤਰ) ਪਰਵਿੰਦਰ ਸਿੰਘ ਝੋਟਾ ਦੇ ਚਰਚਿਤ ਕਤਲ ਮਾਮਲੇ ਸਬੰਧੀ ਵੱਖ-ਵੱਖ ਜਥੇਬੰਦੀਆਂ ਵਲੋਂ ਅੱਜ ਦਿੱਤੇ ਗਏ 'ਪੰਜਾਬ ਬੰਦ' ਦੇ ਸੱਦੇ ਦਾ ਰਾਏਕੋਟ ਸ਼ਹਿਰ ਵਿਖੇ ਭਰਵਾਂ ਹੁੰਗਾਰਾ ਦੇਖਣ ਨੂੰ ਮਿਲਿਆ।ਬੰਦ ਦੀ ਕਾਲ ਦੇ ਮੱਦੇਨਜ਼ਰ ਰਾਏਕੋਟ ਸ਼ਹਿਰ ਦੇ ਸਮੁੱਚੇ ਬਾਜ਼ਾਰਾਂ ਦੀਆਂ ਦੁਕਾਨਾਂ ਅਤੇ ਵਪਾਰਕ ਅਦਾਰੇ ਪੂਰੀ ਤਰ੍ਹਾਂ ਬੰਦ ਰਹੇ, ਜਦਕਿ ਸੜਕਾਂ 'ਤੇ ਆਵਾਜਾਈ ਵੀ ਠੱਪ ਰਹੀ।ਸ਼ਹਿਰ ਦੇ ਪ੍ਰਮੁੱਖ ਭਾਈ ਨੂਰਾ ਮਾਹੀ ਬੱਸ ਸਟੈਂਡ ਵਿਚ ਵੀ ਬੱਸ ਸੇਵਾਵਾਂ ਮੁਕੰਮਲ ਤੌਰ 'ਤੇ ਬੰਦ ਨਜ਼ਰ ਆਈਆਂ ਅਤੇ ਬੱਸ ਸਟੈਂਡ ਅੰਦਰ ਪੂਰੀ ਤਰ੍ਹਾਂ ਸੱਨਾਟਾ ਪਸਰਿਆ ਰਿਹਾ।ਪੰਜਾਬ ਬੰਦ ਦੇ ਮੱਦੇਨਜ਼ਰ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਅਤੇ ਅਮਨ-ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣ ਲਈ ਸਥਾਨਕ ਪੁਲਿਸ ਪ੍ਰਸ਼ਾਸਨ ਵਲੋਂ ਸ਼ਹਿਰ ਦੇ ਮੁੱਖ ਚੌਂਕਾਂ ਅਤੇ ਸੰਵੇਦਨਸ਼ੀਲ ਥਾਵਾਂ 'ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ।ਦੱਸਣਯੋਗ ਹੈ ਸ਼ਹਿਰ ਦੇ ਪ੍ਰਮੁੱਖ ਚੌਂਕ ਸਰਦਾਰ ਹਰੀ ਸਿੰਘ ਨਲੂਆ ਚੌਂਕ ਰਾਏਕੋਟ ਵਿਖੇ ਵੱਖ-ਵੱਖ ਜਥੇਬੰਦੀਆਂ ਵਲੋਂ ਵਿਸ਼ਾਲ ਰੋਸ ਧਰਨਾ ਦਿੱਤਾ ਜਾ ਰਿਹਾ ਹੈ।