15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਪੰਜਾਬ ਬੰਦ: ਨਿਹੰਗ ਸਿੰਘਾਂ ਦੇ ਗੁੱਸੇ ਦਾ ਸ਼ਿਕਾਰ ਬਣਿਆ ਕਿੱਲਿਆਂਵਾਲੀ ਦਾ ਕੈਫ਼ੇ, ਦੋ ਮੁਲਾਜ਼ਮ ਜ਼ਖ਼ਮੀ

ਮੰਡੀ ਕਿੱਲਿਆਂਵਾਲੀ, 15 ਅਕਤੂਬਰ (ਇਕਬਾਲ ਸਿੰਘ ਸ਼ਾਂਤ)-ਮਾਨਸਾ ਵਿੱਚ ਨਸ਼ਾ ਵਿਰੋਧੀ ਕਾਰਕੁਨ ਪਰਮਿੰਦਰ ਸਿੰਘ ਝੋਟਾ ਦੀ ਹੱਤਿਆ ਖ਼ਿਲਾਫ਼ ਪੰਜਾਬ ਬੰਦ ਦੇ ਸੱਦੇ ਦੌਰਾਨ ਅੱਜ ਮੰਡੀ ਕਿੱਲਿਆਂਵਾਲੀ ਵਿੱਚ ਇੱਕ ਨਿੱਜੀ ਹਸਪਤਾਲ ਦੀ ਪਹਿਲੀ ਮੰਜ਼ਿਲ ’ਤੇ ਸਥਿਤ ਕੈਫ਼ੇ ਵਿੱਚ ਹੰਗਾਮਾ ਹੋ ਗਿਆ

ਅਜੀਤ ਡੈਸਕ 15-10-2026

ਮੰਡੀ ਕਿੱਲਿਆਂਵਾਲੀ, 15 ਅਕਤੂਬਰ (ਇਕਬਾਲ ਸਿੰਘ ਸ਼ਾਂਤ)-ਮਾਨਸਾ ਵਿੱਚ ਨਸ਼ਾ ਵਿਰੋਧੀ ਕਾਰਕੁਨ ਪਰਮਿੰਦਰ ਸਿੰਘ ਝੋਟਾ ਦੀ ਹੱਤਿਆ ਖ਼ਿਲਾਫ਼ ਪੰਜਾਬ ਬੰਦ ਦੇ ਸੱਦੇ ਦੌਰਾਨ ਅੱਜ ਮੰਡੀ ਕਿੱਲਿਆਂਵਾਲੀ ਵਿੱਚ ਇੱਕ ਨਿੱਜੀ ਹਸਪਤਾਲ ਦੀ ਪਹਿਲੀ ਮੰਜ਼ਿਲ ’ਤੇ ਸਥਿਤ ਕੈਫ਼ੇ ਵਿੱਚ ਹੰਗਾਮਾ ਹੋ ਗਿਆ। ਨਿਹੰਗ ਸਿੰਘਾਂ ਨੇ ਕੈਫ਼ੇ ਵਿੱਚ ਲੜਕੇ-ਲੜਕੀਆਂ ਦੀ ਕਥਿਤ ਇਤਰਾਜ਼ਯੋਗ ਮੌਜੂਦਗੀ ’ਤੇ ਤਿੱਖਾ ਇਤਰਾਜ਼ ਜਤਾਇਆ। ਇਸ ਦੌਰਾਨ ਕੈਫ਼ੇ ਸੰਚਾਲਕ ਨਵਜੋਤ ਸਿੰਘ ਵਾਸੀ ਪਿਉਰੀ ਤੇ ਮੁਲਾਜ਼ਮ ਅਰਸ਼ਦੀਪ ਸਿੰਘ ਜ਼ਖ਼ਮੀ ਹੋ ਗਏ। ਦੋਵਾਂ ਨੂੰ ਸਰਕਾਰੀ ਸਿਹਤ ਕੇਂਦਰ ਲੰਬੀ ਲਿਜਾਇਆ ਗਿਆ। ਪੁਲਿਸ ਨੇ ਕਈ ਲੜਕੇ-ਲੜਕੀਆਂ ਨੂੰ ਬਾਹਰ ਕਢਵਾਇਆ। ਚਸ਼ਮਦੀਦਾਂ ਮੁਤਾਬਕ ਕਰੀਬ 25 ਮਿੰਟ ਹੰਗਾਮਾ ਚੱਲਿਆ। ਨਿਹੰਗ ਸਿੰਘਾਂ ਨੇ ਮੌਕੇ ‘ਤੇ ਕੈਫ਼ੇ ਬੰਦ ਕਰਵਾਉਣ ਲਈ ਥਾਣਾ ਕਿੱਲਿਆਂਵਾਲੀ ਵਿੱਚ ਸ਼ਿਕਾਇਤ ਵੀ ਦਿੱਤੀ। ਘਟਨਾ ਦੌਰਾਨ ਮੌਕੇ ‘ਤੇ ਲੋਕਾਂ ਦਾ ਵੱਡਾ ਹਜੂਮ ਜੁਟ ਗਿਆ। 

ਤਲਵੰਡੀ ਸਾਬੋ ਤੋਂ ਆਏ ਕਰੀਬ ਦੋ ਦਰਜਨ ਨਿਹੰਗ ਸਿੰਘ ਅਤੇ ਕਿਸਾਨ ਕਾਰਕੁਨ ਬੰਦ ਦੇ ਸੱਦੇ ਤਹਿਤ ਦੁਕਾਨਾਂ ਬੰਦ ਕਰਵਾਉਣ ਦੀ ਅਪੀਲ ਕਰ ਰਹੇ ਸਨ। ਤਰਨਾ ਦਲ (96 ਕਰੋੜੀ), ਤਲਵੰਡੀ ਸਾਬੋ ਦੇ ਨਿਹੰਗ ਸਿੰਘ ਬਲਜਿੰਦਰ ਸਿੰਘ ਨੇ ਦੱਸਿਆ ਕਿ ਇਸੇ ਦੌਰਾਨ ਉਨ੍ਹਾਂ ਨੂੰ ਕਾਲਜ ਨੇੜਲੇ ਕੈਫ਼ੇ ਵਿੱਚ ਕਥਿਤ ਇਤਰਾਜ਼ਯੋਗ ਗਤੀਵਿਧੀਆਂ ਦੀ ਸੂਚਨਾ ਮਿਲੀ ਸੀ। ਉਨ੍ਹਾਂ ਦਾਅਵਾ ਕੀਤਾ ਕਿ ਕੈਬਿਨਾਂ ਵਿੱਚ ਲੜਕੇ-ਲੜਕੀਆਂ ਮੌਜੂਦ ਸਨ। ਉਨ੍ਹਾਂ ਮੁਤਾਬਕ ਪ੍ਰਸ਼ਾਸਨ ਦੀ ਮੌਜੂਦਗੀ ਵਿੱਚ ਇੱਕ ਕਮਰੇ ਦਾ ਦਰਵਾਜ਼ਾ ਖੁੱਲ੍ਹਵਾਇਆ ਗਿਆ। ਇਸ ਦੌਰਾਨ ਭੱਜਣ ਦੀ ਕੋਸ਼ਿਸ਼ ਕਰਦਿਆਂ ਇੱਕ ਨੌਜਵਾਨ ਤਿਲਕ ਕੇ ਪਿੱਲਰ ਨਾਲ ਟਕਰਾ ਗਿਆ ਅਤੇ ਜ਼ਖ਼ਮੀ ਹੋ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਜਿਹੇ ਪਤਿਤਪੁਣੇ ਨੂੰ ਕਿਸੇ ਕੀਮਤ ’ਤੇ ਸਹਿਣ ਨਹੀਂ ਕੀਤਾ ਜਾਵੇਗਾ।

ਦੂਜੇ ਪਾਸੇ, ਜ਼ਖ਼ਮੀ ਕੈਫ਼ੇ ਸੰਚਾਲਕ ਨਵਜੋਤ ਸਿੰਘ ਅਤੇ ਮੁਲਾਜ਼ਮ ਅਰਸ਼ਦੀਪ ਸਿੰਘ ਨੇ ਦੋਸ਼ ਲਾਇਆ ਕਿ ਕੈਫ਼ੇ ਵਿੱਚ ਆਮ ਗਾਹਕ ਖਾਣਾ ਖਾ ਰਹੇ ਸਨ। ਨਿਹੰਗ ਸਿੰਘਾਂ ਨੇ ਅੰਦਰ ਦਾਖ਼ਲ ਹੁੰਦਿਆਂ ਹੀ ਸ਼ਟਰ ਬੰਦ ਕਰਕੇ ਰੂਲਾਂ ਨਾਲ ਉਨ੍ਹਾਂ ਦੀ ਕੁੱਟਮਾਰ ਕੀਤੀ। ਉਨ੍ਹਾਂ ਦੇ ਸਿਰ ਅਤੇ ਨੱਕ ’ਤੇ ਸੱਟਾਂ ਲੱਗੀਆਂ। ਦੋਵਾਂ ਨੇ ਕੈਫ਼ੇ ਵਿੱਚ ਇਤਰਾਜ਼ਯੋਗ ਗਤੀਵਿਧੀਆਂ ਦੇ ਦੋਸ਼ ਖਾਰਜ ਕੀਤੇ।

ਥਾਣਾ ਕਿੱਲਿਆਂਵਾਲੀ ਦੀ ਮੁਖੀ ਕਰਮਜੀਤ ਕੌਰ ਨੇ ਕਿਹਾ ਕਿ ਪੜਤਾਲ ਦੌਰਾਨ ਕੈਫ਼ੇ ਵਿੱਚ ਕੋਈ ਇਤਰਾਜ਼ਯੋਗ ਗਤੀਵਿਧੀ ਨਹੀਂ ਮਿਲੀ। ਉਨ੍ਹਾਂ ਦੱਸਿਆ ਕਿ ਟੇਬਲਾਂ ਅੱਗੇ ਪਰਦੇ ਲੱਗੇ ਸਨ। ਇੱਕ ਐਨਸੀਸੀ ਵਿਦਿਆਰਥਣ ਖਾਣਾ ਪੈਕ ਕਰਵਾ ਰਹੀ ਸੀ, ਜਦਕਿ ਇੱਕ ਹੋਰ ਲੜਕੀ ਆਪਣੇ ਮੰਗੇਤਰ ਨਾਲ ਸੀ। ਉਨ੍ਹਾਂ ਦੋ ਮੁਲਾਜ਼ਮਾਂ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਕੀਤੀ। ਕੈਫ਼ੇ ਦੀ ਮਨਜ਼ੂਰੀ ਬਾਰੇ ਪੁੱਛਣ ’ਤੇ ਉਨ੍ਹਾਂ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ।

ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਸਾਲ 2027 ਦੀਆਂ ਗਜਟਿਡ ਛੁੱਟੀਆਂ ਦਾ ਐਲਾਨ ਅਗਲੀ ਖ਼ਬਰ ਇਟਲੀ ਵਿਚ ਮਹਿਕਪ੍ਰੀਤ ਕੌਰ ਨੇ ਸਿੱਖਿਆ ਦੇ ਖੇਤਰ ਵਿਚ ਵੱਡੀ ਉਪਲਬਧੀ ਕੀਤੀ ਹਾਸਲ