ਪੱਟੀ (ਤਰਨਤਾਰਨ), 17 ਅਕਤੂਬਰ (ਕੁਲਵਿੰਦਰ ਪਾਲ ਸਿੰਘ ਕਾਲੇਕੇ/ਅਵਤਾਰ ਸਿੰਘ ਖਹਿਰਾ)- ਸੂਬੇ ਵਿਚ ਜਿੱਥੇ ਅਮਨ ਕਾਨੂੰਨ ਦੀ ਵਿਵਸਥਾ ਦਿਨ ਬ ਦਿਨ ਵਿਗੜ ਰਹੀ ਹੈ। ਉੱਥੇ ਹੀ ਲੋਕਾਂ ਦੀ ਸੁਰੱਖਿਆ ਰੱਬ ਆਸਰੇ ਹੀ ਰਹਿ ਗਈ ਹੈ। ਅੱਜ ਪੱਟੀ ਸ਼ਹਿਰ ਦੇ ਵਾਂਸ ਬਾਜ਼ਾਰ ਵਿਚ ਸਥਿਤ ਸੋਨੂੰ ਜਿਊਲਰਜ਼ ਦੀ ਦੁਕਾਨ 'ਤੇ ਦੁਪਹਿਰ ਸਮੇਂ ਇਕ ਵਿਅਕਤੀ ਵਲੋਂ ਲੁੱਟ ਦੀ ਨੀਅਤ ਨਾਲ ਹਮਲਾ ਕੀਤਾ ਗਿਆ ਪਰ ਸ਼ੀਸ਼ੇ ਦਾ ਦਰਵਾਜ਼ਾ ਅੰਦਰੋਂ ਬੰਦ ਹੋਣ ਕਾਰਨ ਇਹ ਘਟਨਾ ਅਸਫਲ ਰਹੀ।
ਪ੍ਰਾਪਤ ਜਾਣਕਾਰੀ ਅਨੁਸਾਰ ਤਜਿੰਦਰ ਸਿੰਘ ਪੁੱਤਰ ਜਸਬੀਰ ਸਿੰਘ ਵਾਸੀ ਤਰਨ ਤਾਰਨ ਜੋ ਹਰ ਰੋਜ਼ ਤਰਨ ਤਾਰਨ ਤੋਂ ਪੱਟੀ ਆ ਕੇ ਸੋਨੂੰ ਜਿਊਲਰਜ਼ ਨਾਮ ਦੀ ਦੁਕਾਨ ਵਾਂਸ ਬਜ਼ਾਰ ਵਿਖੇ ਕਰਦਾ ਹੈ, ਜਦੋਂ ਆਪਣੀ ਦੁਕਾਨ ਉੱਪਰ ਬੈਠਾ ਸੀ ਤਾਂ ਦੁਪਹਿਰ ਲਗਭਗ ਤਿੰਨ ਵਜੇ ਦੇ ਕਰੀਬ ਇਕ ਵਿਅਕਤੀ ਆਇਆ ਜੋ ਸ਼ੀਸ਼ਾ ਦਾ ਦਰਵਾਜ਼ਾ ਤੋੜਨ ਦੀ ਕੋਸ਼ਿਸ਼ ਕਰਨ ਅਤੇ ਹੱਥ ਵਿਚ ਪਿਸਤੌਲ ਜੋ ਉਸਨੇ ਕੱਪੜੇ ਨਾਲ ਢੱਕਿਆ ਹੋਇਆ ਸੀ, ਨਾਲ ਗੋਲੀ ਮਾਰਨ ਦੀ ਧਮਕੀ ਵੀ ਦਿੱਤੀ। ਪਰ ਤਜਿੰਦਰ ਸਿੰਘ ਨੇ ਦਰਵਾਜ਼ਾ ਨਾ ਖੋਲਦਿਆਂ ਦਲੇਰੀ ਦਿਖਾਈ ਅਤੇ ਰੌਲਾ ਪਾ ਦਿੱਤਾ। ਰੌਲਾ ਸੁਣਦਿਆਂ ਹੀ ਉਹ ਵਿਅਕਤੀ ਸਾਹਮਣੇ ਗਲੀ ਵਿਚ ਫ਼ਰਾਰ ਹੋ ਗਿਆ। ਇਸ ਸਬੰਧੀ ਥਾਣਾ ਸਿਟੀ ਪੱਟੀ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਜਿੱਥੋਂ ਪੁਲਿਸ ਮੁਲਾਜ਼ਮ ਇਸ ਘਟਨਾ ਸਬੰਧੀ ਜਾਂਚ ਕਰ ਰਹੇ ਹਨ।