19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਸਾਬਕਾ ਕੌਂਸਲਰ ਦੇ ਘਰ ਗੋਲੀਆਂ ਚਲਾਉਣ ਵਾਲੇ ਲਾਰੈਂਸ ਬਿਸ਼ਨੋਈ ਗਰੋਹ ਨਾਲ ਜੁੜੇ ਤਿੰਨ ਸ਼ੂਟਰ ਗ੍ਰਿਫ਼ਤਾਰ

ਜ਼ੀਰਕਪੁਰ (ਮੁਹਾਲੀ), 19 ਅਕਤੂਬਰ - ਜ਼ੀਰਕਪੁਰ ਦੇ ਬਲਟਾਣਾ ਇਲਾਕੇ ਵਿਚ ਸਾਬਕਾ ਕੌਂਸਲਰ ਦੇ ਘਰ ਦੇ ਬਾਹਰ ਅੱਧੀ ਰਾਤ ਨੂੰ ਅੰਨ੍ਹੇਵਾਹ ਗੋਲੀਆਂ ਚਲਾਉਣ ਦੇ ਮਾਮਲੇ ਵਿਚ ਮੁਹਾਲੀ...

ਅਜੀਤ ਡੈਸਕ 19-10-2026

ਜ਼ੀਰਕਪੁਰ (ਮੁਹਾਲੀ), 19 ਅਕਤੂਬਰ - ਜ਼ੀਰਕਪੁਰ ਦੇ ਬਲਟਾਣਾ ਇਲਾਕੇ ਵਿਚ ਸਾਬਕਾ ਕੌਂਸਲਰ ਦੇ ਘਰ ਦੇ ਬਾਹਰ ਅੱਧੀ ਰਾਤ ਨੂੰ ਅੰਨ੍ਹੇਵਾਹ ਗੋਲੀਆਂ ਚਲਾਉਣ ਦੇ ਮਾਮਲੇ ਵਿਚ ਮੁਹਾਲੀ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਵਾਰਦਾਤ ਦੇ ਚਾਰ ਦਿਨਾਂ ਅੰਦਰ ਲਾਰੈਂਸ ਬਿਸ਼ਨੋਈ ਗਰੋਹ ਨਾਲ ਸੰਬੰਧਿਤ ਦੱਸੇ ਜਾ ਰਹੇ ਤਿੰਨ ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਕੋਲੋਂ ਇਕ ਆਧੁਨਿਕ 9 ਐੱਮ.ਐੱਮ. ਬੇਰੇਟਾ ਪਿਸਤੌਲ, ਵਾਰਦਾਤ ਵਿਚ ਵਰਤੀ ਗਈ ਸਵਿਫਟ ਕਾਰ ਅਤੇ ਗੋਲੀਬਾਰੀ ਦੀ ਲਾਈਵ ਵੀਡੀਓ ਬਣਾਉਣ ਲਈ ਵਰਤਿਆ ਗਿਆ ਮੋਬਾਈਲ ਫ਼ੋਨ ਬਰਾਮਦ ਕੀਤਾ ਗਿਆ ਹੈ।
ਐੱਸ.ਐੱਸ.ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ 14 ਅਕਤੂਬਰ ਦੀ ਰਾਤ ਕਰੀਬ 2:17 ਵਜੇ ਸਵਿਫਟ ਕਾਰ ਵਿਚ ਆਏ ਅਣਪਛਾਤੇ ਹਮਲਾਵਰਾਂ ਨੇ ਬਲਟਾਣਾ ਦੇ ਵਾਰਡ ਨੰਬਰ 31 ਵਿਚ ਮਕਾਨ ਨੰਬਰ 105 ਦੇ ਬਾਹਰ ਕਰੀਬ ਅੱਠ ਰਾਊਂਡ ਫਾਇਰ ਕੀਤੇ ਸਨ। ਇਹ ਮਕਾਨ ਸਾਬਕਾ ਕੌਂਸਲਰ ਦੇ ਪਰਿਵਾਰ ਨਾਲ ਸੰਬੰਧਿਤ ਹੈ। ਪੁਲਿਸ ਮੁਤਾਬਕ ਰਾਮ ਕੁਮਾਰ ਪੁੱਤਰ ਸੁਰਜੀਤ ਸਿੰਘ ਪ੍ਰਾਪਰਟੀ ਦੇ ਕਾਰੋਬਾਰ ਨਾਲ ਵੀ ਜੁੜੇ ਹੋਏ ਹਨ। ਵਾਰਦਾਤ ਤੋਂ ਬਾਅਦ ਅਰਸ਼ ਪੰਡਿਤ ਵਲੋਂ ਲਾਰੈਂਸ ਬਿਸ਼ਨੋਈ ਗਰੋਹ ਦੇ ਨਾਂਅ 'ਤੇ ਫਿਰੌਤੀ ਸਬੰਧੀ ਧਮਕੀ ਭਰੀ ਕਾਲ ਕੀਤੇ ਜਾਣ ਦੀ ਗੱਲ ਵੀ ਸਾਹਮਣੇ ਆਈ ਸੀ।
ਇਸ ਸਬੰਧੀ ਥਾਣਾ ਜ਼ੀਰਕਪੁਰ ਵਿਚ ਮੁਕੱਦਮਾ ਨੰਬਰ 581, ਮਿਤੀ 14 ਅਕਤੂਬਰ 2026 ਨੂੰ ਬੀ.ਐੱਨ.ਐੱਸ. ਦੀਆਂ ਧਾਰਾਵਾਂ 308(2), 351(3) ਅਤੇ ਅਸਲਾ ਐਕਟ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਦਰਜ ਕੀਤਾ ਗਿਆ ਸੀ।
ਪੁਲਿਸ ਅਨੁਸਾਰ ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਗੋਪੀ (32), ਵਾਸੀ ਪਿੰਡ ਔਜਲਾ ਚੱਕ, ਥਾਣਾ ਗੁਰਾਇਆ, ਜ਼ਿਲ੍ਹਾ ਜਲੰਧਰ, ਮਨਰਾਜ ਸਿੰਘ ਉਰਫ਼ ਮੰਨਾ (21), ਵਾਸੀ ਪਿੰਡ ਗੁੜੇ, ਥਾਣਾ ਗੁਰਾਇਆ ਅਤੇ ਰਾਜਵੀਰ ਸਿੰਘ (18), ਵਾਸੀ ਚੱਕ ਦੇਸਰਾਜ, ਜ਼ਿਲ੍ਹਾ ਜਲੰਧਰ ਵਜੋਂ ਹੋਈ ਹੈ।
ਪੁਲਿਸ ਹੁਣ ਇਹ ਪਤਾ ਲਗਾਉਣ ਵਿਚ ਜੁਟੀ ਹੋਈ ਹੈ ਕਿ ਮੁਲਜ਼ਮਾਂ ਨੂੰ ਗੋਲੀਬਾਰੀ ਕਰਨ ਦੇ ਨਿਰਦੇਸ਼ ਕਿਸ ਨੇ ਦਿੱਤੇ ਸਨ, ਉਨ੍ਹਾਂ ਦਾ ਅਰਸ਼ ਪੰਡਿਤ ਅਤੇ ਲਾਰੈਂਸ ਬਿਸ਼ਨੋਈ ਗਰੋਹ ਨਾਲ ਕਿਸ ਤਰ੍ਹਾਂ ਦਾ ਸੰਪਰਕ ਸੀ ਅਤੇ ਇਸ ਵਾਰਦਾਤ ਵਿਚ ਹੋਰ ਕਿੰਨੇ ਵਿਅਕਤੀ ਸ਼ਾਮਿਲ ਸਨ। ਫਿਰੌਤੀ ਦੀ ਧਮਕੀ ਅਤੇ ਗੋਲੀਬਾਰੀ ਵਿਚਕਾਰ ਸੰਬੰਧਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਪਿਛਲੀ ਖ਼ਬਰ ਪਰਮਿੰਦਰ ਸਿੰਘ ਝੋਟਾ ਦੀ ਮੌਤ ਨੂੰ ਲੈ ਕੇ ਵੱਖ-ਵੱਖ ਜਥੇਬੰਦੀਆਂ ਵਲੋਂ ਸ਼ਾਹਪੁਰ ਜਾਜਨ ਵਿਖੇ ਧਰਨਾ ਅਗਲੀ ਖ਼ਬਰ ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਜਥੇਬੰਦੀਆਂ ਵਲੋਂ ਸੁਨਾਮ 'ਚ ਧਰਨਾ