ਬਠਿੰਡਾ, 22 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਪੰਜਾਬ ਵਿਜੀਲੈਂਸ ਬਿਊਰੋਂ ਨੇ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ ਕਰਦਿਆਂ ਮਾਲ ਹਲਕਾ ਚਾਉਂਕੇ, ਤਹਿਸੀਲ ਮੌੜ ਦੇ ਪਟਵਾਰੀ ਮਨਿੰਦਰ ਸਿੰਘ ਦੇ ਪ੍ਰਾਈਵੇਟ ਸਹਾਇਕ ਪ੍ਰਿਤਪਾਲ ਸਿੰਘ ਨੂੰ 30 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਵਿਜੀਲੈਂਸ ਬਿਊਰੋਂ ਦੇ ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਵਿਰੁੱਧ ਇਹ ਕਾਰਵਾਈ ਪਿੰਡ ਠੀਕਰੀਵਾਲਾ, ਜ਼ਿਲ੍ਹਾ ਬਰਨਾਲਾ ਦੇ ਇਕ ਵਸਨੀਕ ਵਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸਨੇ ਆਪਣੇ ਭਰਾ ਅਤੇ ਭੈਣ ਨਾਲ ਮਿਲ ਕੇ ਸਾਲ 2002 ਵਿਚ ਪਿੰਡ ਚਾਉਂਕੇ ਵਿਖੇ ਜ਼ਮੀਨ ਖਰੀਦੀ ਸੀ, ਪਰ ਮਾਲ ਰਿਕਾਰਡ ਵਿਚ ਅਜੇ ਵੀ ਪੁਰਾਣੇ ਮਾਲਕ ਦਾ ਨਾਮ ਦਰਜ ਸੀ। ਰਿਕਾਰਡ ਵਿਚ ਸੋਧ ਕਰਵਾਉਣ ਲਈ ਜਦੋਂ ਉਸਨੇ ਸਬੰਧਤ ਪਟਵਾਰੀ ਨਾਲ ਸੰਪਰਕ ਕੀਤਾ ਤਾਂ ਉਸ ਨੂੰ ਪ੍ਰਾਈਵੇਟ ਸਹਾਇਕ ਪ੍ਰਿਤਪਾਲ ਸਿੰਘ ਨਾਲ ਗੱਲ ਕਰਨ ਲਈ ਕਿਹਾ ਗਿਆ। ਸ਼ਿਕਾਇਤ ਅਨੁਸਾਰ ਪ੍ਰਾਈਵੇਟ ਸਹਾਇਕ ਨੇ ਰਿਕਾਰਡ ਵਿਚ ਸੋਧ ਕਰਨ ਬਦਲੇ ਪਹਿਲਾਂ 1.50 ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ। ਬਾਅਦ ਵਿਚ ਇਹ ਸੌਦਾ 1.40 ਲੱਖ ਰੁਪਏ ਵਿਚ ਤੈਅ ਹੋਣ ਦਾ ਦੋਸ਼ ਹੈ।