ਨਿਊਯਾਰਕ/ਸੈਕਰਾਮੈਂਟੋ, 28 ਅਕਤੂਬਰ (ਰਾਜੂ ਸਹਿਬਾਜ਼ਪੁਰਾ, ਹੁਸਨ ਲੜੋਆ ਬੰਗਾ)-ਦੌਲਤ ਅਤੇ ਉੱਚੇ ਸਮਾਜਿਕ ਸੰਪਰਕਾਂ ਦਾ ਫ਼ਾਇਦਾ ਚੁੱਕ ਕੇ ਔਰਤਾਂ ਨੂੰ ਨਸ਼ਾ ਦੇਣ ਅਤੇ ਉਨ੍ਹਾਂ ਨਾਲ ਜਬਰ ਜਨਾਹ ਕਰਨ ਵਾਲੇ ਅਲੈਗਜ਼ੈਂਡਰ ਪਰਿਵਾਰ ਦੇ 3 ਭਰਾਵਾਂ ਨੂੰ 30-30 ਸਾਲ ਦੀ ਸੰਘੀ ਕੈਦ ਸੁਣਾਈ ਗਈ ਹੈ। ਮੈਨਹੈਟਨ ਦੀ ਅਦਾਲਤ ਨੇ ਸਜ਼ਾ ਸੁਣਾਉਂਦਿਆਂ ਹੁਕਮ ਦਿੱਤਾ ਕਿ ਕੈਦ ਪੂਰੀ ਹੋਣ ਮਗਰੋਂ ਤਿੰਨੇ ਦਸ ਸਾਲ ਨਿਗਰਾਨੀ ਹੇਠ ਵੀ ਰਹਿਣਗੇ।ਸਜ਼ਾ ਪਾਉਣ ਵਾਲਿਆਂ ਵਿਚ 39 ਸਾਲਾ ਜੌੜੇ ਭਰਾ ਓਰੇਨ ਅਤੇ ਐਲੋਨ ਅਲੈਗਜ਼ੈਂਡਰ ਤੇ ਉਨ੍ਹਾਂ ਦਾ 40 ਸਾਲਾ ਭਰਾ ਟਾਲ ਅਲੈਗਜ਼ੈਂਡਰ ਸ਼ਾਮਿਲ ਹਨ
। ਜਿਊਰੀ ਨੇ ਮਾਰਚ ਵਿਚ ਉਨ੍ਹਾਂ ਨੂੰ ਜਿਨਸੀ ਤਸਕਰੀ ਦੀ ਸਾਜ਼ਿਸ਼ ਸਮੇਤ ਸਾਰੇ 10 ਦੋਸ਼ਾਂ ਵਿਚ ਦੋਸ਼ੀ ਪਾਇਆ ਸੀ। ਤਿੰਨੇ ਦਸੰਬਰ 2024 ਵਿਚ ਗ੍ਰਿਫ਼ਤਾਰੀ ਮਗਰੋਂ ਜੇਲ੍ਹ ਵਿਚ ਹਨ।ਸਰਕਾਰੀ ਵਕੀਲਾਂ ਮੁਤਾਬਕ ਭਰਾ ਮਹਿੰਗੀਆਂ ਪਾਰਟੀਆਂ, ਆਲੀਸ਼ਾਨ ਕਿਸ਼ਤੀਆਂ ਅਤੇ ਯਾਤਰਾਵਾਂ ਦਾ ਲਾਲਚ ਦੇ ਕੇ ਔਰਤਾਂ ਨੂੰ ਆਪਣੇ ਨੇੜੇ ਲਿਆਉਂਦੇ ਸਨ। ਫਿਰ ਚੋਰੀ-ਛਿਪੇ ਨਸ਼ਾ ਦੇ ਕੇ ਉਨ੍ਹਾਂ ਨੂੰ ਵਿਰੋਧ ਕਰਨ ਜੋਗਾ ਨਹੀਂ ਛੱਡਦੇ ਸਨ ਅਤੇ ਜਿਨਸੀ ਹਿੰਸਾ ਕਰਦੇ ਸਨ। ਵਕੀਲਾਂ ਅਨੁਸਾਰ ਇਹ ਸਿਲਸਿਲਾ ਘੱਟੋ-ਘੱਟ 14 ਸਾਲ ਚੱਲਿਆ।
70 ਤੋਂ ਵੱਧ ਔਰਤਾਂ ਨੇ ਇਕ ਜਾਂ ਇਕ ਤੋਂ ਵੱਧ ਭਰਾਵਾਂ ਵਲੋਂ ਜਿਨਸੀ ਹਮਲੇ ਦਾ ਸ਼ਿਕਾਰ ਹੋਣ ਦੀ ਗੱਲ ਦੱਸੀ, ਜਦਕਿ ਮੁਕੱਦਮੇ ਦੌਰਾਨ 11 ਔਰਤਾਂ ਨੇ ਗਵਾਹੀ ਦਿੱਤੀ।ਸਜ਼ਾ ਦੀ ਸੁਣਵਾਈ ਦੌਰਾਨ ਕਈ ਪੀੜਤਾਂ ਨੇ ਰੋਂਦਿਆਂ ਦੱਸਿਆ ਕਿ ਕੁਝ ਘੰਟਿਆਂ ਦੀ ਹਿੰਸਾ ਨੇ ਉਨ੍ਹਾਂ ਦੀ ਪੂਰੀ ਜ਼ਿੰਦਗੀ ਬਦਲ ਦਿੱਤੀ ਅਤੇ ਉਹ ਅੱਜ ਵੀ ਡਰ ਤੇ ਮਾਨਸਿਕ ਦਰਦ ਨਾਲ ਜੀਅ ਰਹੀ ਹੈ।ਤਿੰਨਾਂ ਭਰਾਵਾਂ ਨੇ ਆਪਣੇ ਵਤੀਰੇ ਉਤੇ ਅਫ਼ਸੋਸ ਜਤਾਇਆ ਪਰ ਨਸ਼ਾ ਦੇਣ ਅਤੇ ਜਬਰ ਜਨਾਹ ਕਰਨ ਤੋਂ ਮੁੜ ਇਨਕਾਰ ਕੀਤਾ।