ਪੱਟੀ, 16 ਨਵੰਬਰ (ਕੁਲਵਿੰਦਰ ਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)- ਮੈਨੂੰ ਅੱਜ ਇਸ ਗੁਰੂਆਂ, ਪੀਰਾਂ, ਸ਼ਹੀਦਾਂ ਦੀ ਧਰਤੀ 'ਤੇ ਪਹੁੰਚ ਕੇ ਬੜਾ ਮਾਣ ਮਹਿਸੂਸ ਹੋ ਰਿਹਾ ਹੈ। ਮੈਂ ਇਸ ਪਿੰਡ ਵਿਚ ਦੂਸਰੀ ਵਾਰ ਆਇਆ ਹਾਂ, ਅੱਜ ਤੁਹਾਡਾ ਧੰਨਵਾਦ ਕਰਨ ਲਈ ਅਤੇ ਤੁਹਾਨੂੰ ਅਪੀਲ ਕਰਨ ਲਈ ਕਿ ਇਸ ਵਾਰ ਫਿਰ ਮਾਝੇ ਵਿਚ ਝਾੜੂ ਫੇਰ ਦਿਓ ਤਾਂ ਜੋ ਸੂਬੇ ਨੂੰ ਲੁੱਟਣ ਅਤੇ ਤੁਹਾਨੂੰ ਕੁੱਟਣ ਵਾਲਿਆਂ ਨੂੰ ਦੁਬਾਰਾ ਸੱਤਾ ਵਿਚ ਆਉਣ ਦਾ ਮੌਕਾ ਨਾ ਮਿਲੇ। ਕਿਉਂਕਿ ਇਹ ਅਕਾਲੀ, ਕਾਂਗਰਸੀ ਅਤੇ ਭਾਜਪਾ ਵਾਲੇ ਇਕੋ ਥੈਲੀ ਦੇ ਚੱਟੇ ਵੱਟੇ ਹਨ, ਜਿਨ੍ਹਾਂ ਨੂੰ ਤੁਸੀਂ ਪਿਛਲੀ ਵਾਰ ਘਰਾਂ ਵਿਚ ਬਿਠਾ ਦਿੱਤਾ ਹੈ ਅਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਿਚ ਆਪਣਾ ਭਰਪੂਰ ਯੋਗਦਾਨ ਪਾਇਆ ਹੈ।
ਇਹ ਸ਼ਬਦ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਪੱਟੀ ਹਲਕੇ ਦੇ ਪਿੰਡ ਸਭਰਾ ਵਿਖੇ ਆਮ ਆਦਮੀ ਪਾਰਟੀ ਦੇ ਪੱਟੀ ਤੋਂ ਉਮੀਦਵਾਰ ਜਸਕੰਵਰ ਸਿੰਘ ਗਿੱਲ ਜੱਸਾ ਪੱਟੀ ਵਲੋਂ ਰੱਖੀ ਗਈ ਰੈਲੀ ਅਤੇ ਲੋਕ ਮਿਲਣੀ ਦੌਰਾਨ ਆਪਣੇ ਸੰਬੋਧਨ ਵਿਚ ਕਹੇ। ਇਸ ਮੌਕੇ ਭਗਵੰਤ ਸਿੰਘ ਮਾਨ ਨੇ ਰਵਾਇਤੀ ਪਾਰਟੀਆਂ ਬਾਰੇ ਬੋਲਦਿਆਂ ਕਿਹਾ ਕਿ ਅਗਲੀ 15 ਅਗਸਤ ਨੂੰ ਦੇਸ਼ ਨੂੰ ਆਜ਼ਾਦ ਹੋਏ ਨੂੰ 80 ਸਾਲ ਹੋ ਜਾਣਗੇ ਪਰ ਇਹਨਾਂ 80 ਸਾਲਾਂ ਵਿਚ ਪੰਜਾਬੀਆਂ ਨੇ ਕੁੱਝ ਖੱਟਿਆ ਨਹੀਂ ਸਗੋਂ ਹਰ ਵਾਰ ਨੁਕਸਾਨ ਹੀ ਉਠਾਇਆ ਹੈ। ਇਹ ਅਕਾਲੀ ਭਾਜਪਾ ਅਤੇ ਕਾਂਗਰਸੀ ਸਿਰਫ ਸੂਬੇ ਨੂੰ ਲੁੱਟਣ ਅਤੇ ਤੁਹਾਨੂੰ ਕੁੱਟਣ ਲਈ ਹੀ ਸੱਤਾ ਵਿੱਚ ਆਉਂਦੇ ਹਨ।
ਇਨ੍ਹਾਂ ਰਵਾਇਤੀ ਪਾਰਟੀਆਂ ਦੀ ਦੇਣ ਹੈ ਕਿ ਸੂਬੇ ਵਿਚ ਨਸ਼ੇ ਅਤੇ ਗੈਂਗਸਟਰਵਾਦ ਦਾ ਬੋਲਬਾਲਾ ਹੋਇਆ ਸੀ ਜਿਸ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਠਲ ਪਾਈ ਹੈ। ਇਸ ਮੌਕੇ ਮੁੱਖ ਮੰਤਰੀ ਪੰਜਾਬ ਨੇ ਜਸਕੰਵਰ ਸਿੰਘ ਜੱਸਾ ਪੱਟੀ ਵਲੋਂ ਜੋ ਪਿੰਡ ਸਭਰਾ ਲਈ ਮੰਗਾਂ ਮੰਨੀਆਂ ਸਨ, ਉਹ ਮੁੱਖ ਮੰਤਰੀ ਵਲੋਂ ਮੰਨਣ ਦਾ ਭਰੋਸਾ ਦਿੱਤਾ ਅਤੇ ਉੱਥੇ ਹੀ ਐਲਾਨ ਕੀਤਾ ਕਿ ਜਲਦ ਹੀ ਪੱਟੀ ਹਲਕੇ ਦੇ ਇਸ ਪਿੰਡ ਸਭਰਾ ਵਿਚ ਮੈਡੀਕਲ ਕਾਲਜ ਖੋਲਿਆ ਜਾਵੇਗਾ। ਇਸ ਸਬੰਧੀ ਚੰਡੀਗੜ੍ਹ ਜਾ ਕੇ ਕਾਗਜੀ ਕਾਰਵਾਈ ਮੁਕੰਮਲ ਕਰ ਦਿੱਤੀ ਜਾਵੇਗੀ। ਇਸ ਮੌਕੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਜਸਕੰਵਰ ਸਿੰਘ ਜੱਸਾ ਪੱਟੀ ਦੇ ਨਾਲ ਪਿੰਡ ਦੀ ਪੰਚਾਇਤ ਨੂੰ ਸਰਬ ਪੱਖੀ ਵਿਕਾਸ ਲਈ 51 ਲੱਖ ਰੁਪਏ ਦਾ ਚੈੱਕ ਵੀ ਭੇਂਟ ਕੀਤਾ। ਮੁੱਖ ਮੰਤਰੀ ਦੀ ਇਸ ਲੋਕ ਮਿਲਣੀ ਦੌਰਾਨ ਕੀਤੀ ਗਈ ਰੈਲੀ ਵਿੱਚ ਪੰਜਾਬੀ ਗਾਇਕ ਕੁਲਵਿੰਦਰ ਕੈਲੀ ਅਤੇ ਗਾਇਕਾ ਗੁਰਲੇਜ ਅਖਤਰ ਨੇ ਆਪਣੇ ਗਾਣਿਆਂ ਨਾਲ ਲਗਾਏ ਅਖਾੜੇ ਦੌਰਾਨ ਸਰੋਤਿਆਂ ਨੂੰ ਕੀਲੀ ਰੱਖਿਆ।
ਇਸ ਮੌਕੇ ਇਸ ਲੋਕ ਮਿਲਣੀ ਨੂੰ ਵਿਧਾਇਕ ਖੇਮਕਰਨ ਸਰਵਨ ਸਿੰਘ ਧੁੰਨ, ਚੇਅਰਮੈਨ ਰਣਜੀਤ ਸਿੰਘ ਚੀਮਾ, ਚੇਅਰਮੈਨ ਗੁਰਦੇਵ ਸਿੰਘ ਲਾਖਣਾ, ਅੰਗਦ ਸਿੰਘ ਸੋਹਲ ਜ਼ਿਲ੍ਹਾ ਪ੍ਰਧਾਨ ਅਤੇ ਚੇਅਰਮੈਨ ਜ਼ਿਲ੍ਹਾ ਪਰਿਸ਼ਦ ਤਰਨ ਤਾਰਨ, ਗੁਰਵਿੰਦਰ ਸਿੰਘ ਬਹਿੜਵਾਲ ਚੇਅਰਮੈਨ, ਗੁਰਸੇਵਕ ਪਾਲ ਸਿੰਘ ਝੰਡੇਰ ਚੇਅਰਮੈਨ ਸੀਵਰੇਜ ਬੋਰਡ ਆਦੀ ਨੇ ਵੀ ਇਸ ਮੌਕੇ ਸੰਬੋਧਨ ਕੀਤਾ। ਇਸ ਮੌਕੇ ਰਜਿੰਦਰ ਸਿੰਘ ਉਸਮਾ, ਸਾਬਕਾ ਚੇਅਰਮੈਨ ਸੁਖਰਾਜ ਸਿੰਘ ਕਿਰਤਵਾਲ, ਚੇਅਰਮੈਨ ਗੁਰਵੰਤ ਸਿੰਘ ਜੋਤੀ ਸ਼ਾਹ, ਚੇਅਰਮੈਨ ਜਗਦੀਸ਼ ਸਿੰਘ ਢੋਟੀਆਂ, ਸਰਪੰਚ ਅਵਤਾਰ ਸਿੰਘ ਸਭਰਾ, ਕਵਲਪ੍ਰੀਤ ਸਿੰਘ ਗਿੱਲ ਕੌਂਸਲਰ, ਗੁਰਦਿਆਲ ਸਿੰਘ ਮਰਹਾਣਾ, ਐਡਵੋਕੇਟ ਰਾਜਪ੍ਰੀਤ ਸਿੰਘ ਕੌਂਸਲਰ, ਸੁਖਨਿੰਦਰ ਸਿੰਘ ਸੇਖੋਂ ਕੌਂਸਲਰ, ਹਰਜਿੰਦਰ ਸਿੰਘ ਪੱਪੂ, ਮੋਹਿਤ ਅਰੋੜਾ, ਐਡਵੋਕੇਟ ਮਨਦੀਪ ਸਿੰਘ ਭੁੱਲਰ, ਸਰਪੰਚ ਸਰਵਨ ਸਿੰਘ ਭੱਗੂਪੁਰ, ਸਰਪੰਚ ਤੇਜਪਿੰਦਰ ਸਿੰਘ ਸ਼ਾਹ, ਸਰਪੰਚ ਗੁਰਪ੍ਰਤਾਪ ਸਿੰਘ ਲਾਡੀ ਬੁਰਜ, ਸਰਪੰਚ ਗੁਰਬਿੰਦਰ ਸਿੰਘ ਕਾਲੇਕੇ, ਵਿਨੋਦ ਖੰਨਾ, ਕੁਲਬੀਰ ਸਿੰਘ ਸੰਧੂ ਅਤੇ ਵੱਡੀ ਗਿਣਤੀ ਵਿਚ ਪੱਟੀ ਹਲਕਾ ਵਾਸੀ ਹਾਜ਼ਰ ਸਨ।